ਮੋਦੀ, ਸੂਨਕ ਨੇ ਐਫ਼.ਟੀ.ਏ. ਦੀ ਦਿਸ਼ਾ ’ਚ ‘ਤੇਜ਼ੀ ਨਾਲ ਕੰਮ’ ਕਰਨ ’ਤੇ ਸਹਿਮਤੀ ਪ੍ਰਗਟਾਈ

ਏਜੰਸੀ

ਖ਼ਬਰਾਂ, ਵਪਾਰ

10 ਡਾਊਨਿੰਗ ਸਟ੍ਰੀਟ ਨੇ ਸੂਨਕ ਦੀ ਨੇੜ ਭਵਿੱਖ ’ਚ ਭਾਰਤ ਦੀ ਇਕ ਹੋਰ ਫੇਰੀ ਦੇ ਸੰਕੇਤ ਦਿਤੇ

PM Sunak with PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਜੀ-20 ਸਿਖਰ ਸੰਮੇਲਨ ਦੌਰਾਨ ਦੁਵੱਲੀ ਬੈਠਕ ਕੀਤੀ ਅਤੇ ਇਸ ਦੌਰਾਨ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ।

ਇਸ ਦੌਰਾਨ ਦੋਹਾਂ ਆਗੂਆਂ ਨੇ ਇਕ ‘ਇਤਿਹਾਸਕ’ ਮੁਕਤ ਵਪਾਰ ਸਮਝੌਤੇ (ਐਫ਼.ਟੀ.ਏ.) ਦੀ ਦਿਸ਼ਾ ’ਚ ਤੇਜ਼ੀ ਨਾਲ ਕੰਮ ਕਰਨਾ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ। 

ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ,  ‘‘ਨੇਤਾਵਾਂ ਨੇ ਯੂ.ਕੇ.-ਭਾਰਤ ਮੁਕਤ ਵਪਾਰ ਸਮਝੌਤੇ ’ਤੇ ਸਾਰਥਕ ਚਰਚਾ ਕੀਤੀ।’’ ਬੁਲਾਰੇ ਨੇ ਕਿਹਾ, ‘‘ਪ੍ਰਧਾਨ ਮੰਤਰੀ (ਸੂਨਕ) ਨੇ ਇਕ ਮਹੱਤਵਪੂਰਨ ਵਪਾਰਕ ਸੌਦਾ ਕਰਨ ਦੀ ਬਰਤਾਨੀਆਂ ਦੀ ਇੱਛਾ ਨੂੰ ਦੁਹਰਾਇਆ ਜੋ ਦੋਵਾਂ ਦੇਸ਼ਾਂ ਦੇ ਉਦਯੋਗਾਂ ਅਤੇ ਕਰਮਚਾਰੀਆਂ ਨੂੰ ਲਾਭ ਪਹੁੰਚਾਏਗਾ ਅਤੇ ਵਸਤੂਆਂ ਅਤੇ ਸੇਵਾਵਾਂ ਦੋਵਾਂ ’ਚ ਸਾਡੇ ਵਪਾਰ ਨੂੰ ਵਧਾਏਗਾ। ਦੋਵੇਂ ਨੇਤਾ ਇਸ ਗੱਲ ’ਤੇ ਸਹਿਮਤ ਹੋਏ ਕਿ ਮੰਤਰੀ ਅਤੇ ਗੱਲਬਾਤ ਕਰਨ ਵਾਲੀ ਟੀਮ ਐਫ.ਟੀ.ਏ. ਲਈ ਤੇਜ਼ੀ ਨਾਲ ਕੰਮ ਕਰਨਾ ਜਾਰੀ ਰੱਖੇਗੀ।’’

ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਭਾਰਤ ਨਾਲ ਮੁਕਤ ਵਪਾਰ ਸੰਧੀ (ਐਫ਼.ਟੀ.ਏ.) ’ਤੇ 12 ਦੌਰ ਦੀ ਗੱਲਬਾਤ ਹੋ ਚੁਕੀ ਹੈ ਅਤੇ ਕੁਝ ਮਾਮਲਿਆਂ ’ਤੇ ਸਹਿਮਤੀ ਬਣਨੀ ਬਾਕੀ ਹੈ। ਬਿਆਨ ’ਚ ਕਿਹਾ ਗਿਆ, ‘‘ਅਸੀਂ ਮੁਕਤ ਵਪਾਰ ਸਮਝੌਤਿਆਂ (ਐਫ਼.ਟੀ.ਏ.) ’ਤੇ ਗੱਲਬਾਤ ਕਰ ਰਹੇ ਹਾਂ, ਜਿਸ ’ਚ ਭਾਰਤ ਨਾਲ ਇਕ ਸਮਝੌਤਾ ਵੀ ਸ਼ਾਮਲ ਹੈ, ਜੋ ਕਿਸੇ ਵੀ ਯੂਰਪੀ ਦੇਸ਼ ਨਾਲ ਹਸਤਾਖ਼ਰ ਕੀਤੇ ਜਾਣ ਵਾਲਾ ਪਹਿਲਾ ਸਮਝੌਤਾ ਹੋਵੇਗਾ।’’

ਸ਼ੁਕਰਵਾਰ ਨੂੰ ਇੱਥੇ ਪਹੁੰਚੇ ਸੂਨਕ ਨੇ ਜੀ-20 ਸੰਮੇਲਨ ਦੇ ਪਹਿਲੇ ਸੈਸ਼ਨ ਤੋਂ ਬਾਅਦ ਮੋਦੀ ਨਾਲ ਗੱਲਬਾਤ ਕੀਤੀ। ਬੁਲਾਰੇ ਨੇ ਕਿਹਾ, ‘‘ਦੋਵਾਂ ਨੇਤਾਵਾਂ ਨੇ ਬਰਤਾਨੀਆਂ ਅਤੇ ਭਾਰਤ ਦਰਮਿਆਨ ਨਜ਼ਦੀਕੀ ਅਤੇ ਵਧ ਰਹੇ ਸਬੰਧਾਂ ਨੂੰ ਨੋਟ ਕੀਤਾ। ਦੋਵਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਅਤੀਤ ਦੀ ਤਰੱਕੀ ’ਤੇ ਧਿਆਨ ਕੇਂਦਰਤ ਕਰਨਾ ਅਤੇ ਭਵਿੱਖ ’ਤੇ ਧਿਆਨ ਕੇਂਦਰਤ ਕਰਨਾ, ਅਤਿ ਆਧੁਨਿਕ ਰਖਿਆ ਤਕਨਾਲੋਜੀ, ਵਪਾਰ ਅਤੇ ਨਵੀਨਤਾ ’ਚ ਆਧੁਨਿਕ ਭਾਈਵਾਲੀ ਨੂੰ ਮਜ਼ਬੂਤ ​​ਕਰਨਾ ਮਹੱਤਵਪੂਰਨ ਹੈ। ਦੋਹਾਂ ਨੇਤਾਵਾਂ ਨੇ ਕੌਂਸਲੇਟ ਨਾਲ ਜੁੜੇ ਕਈ ਮੁੱਦਿਆਂ ’ਤੇ ਵੀ ਚਰਚਾ ਕੀਤੀ।

ਇਹ ਸੰਕੇਤ ਦਿੰਦੇ ਹੋਏ ਕਿ ਬਰਤਾਨੀਆਂ ਦੇ ਭਾਰਤੀ ਮੂਲ ਦੇ ਨੇਤਾ ਸੂਨਕ ਦੀ ਨੇੜ ਭਵਿੱਖ ’ਚ ਭਾਰਤ ਦੀ ਇਕ ਹੋਰ ਫੇਰੀ ਹੋ ਸਕਦੀ ਹੈ, ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਦੋਵੇਂ ਨੇਤਾ ‘‘ਦੁਬਾਰਾ ਮਿਲਣ ਦੇ ਮੌਕੇ ਦੀ ਉਡੀਕ ਕਰ ਰਹੇ ਹਨ।’’

ਬੁਲਾਰੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਜੀ-20 ਸਿਖਰ ਸੰਮੇਲਨ ਦੇ ਸਫਲ ਆਯੋਜਨ ਲਈ ਵਧਾਈ ਦਿਤੀ।’’
ਮੋਦੀ ਨੇ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਪਣੀ ਪੋਸਟ ’ਚ ਕਿਹਾ, ‘‘ਦਿੱਲੀ ’ਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਮੁਲਾਕਾਤ ਕਰਨਾ ਬਹੁਤ ਵਧੀਆ ਰਿਹਾ। ਅਸੀਂ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।’’ ਉਨ੍ਹਾਂ ਕਿਹਾ ਕਿ ਭਾਰਤ ਅਤੇ ਬਰਤਾਨੀਆਂ ਖੁਸ਼ਹਾਲ ਅਤੇ ਟਿਕਾਊ ਧਰਤੀ ਲਈ ਕੰਮ ਕਰਨਾ ਜਾਰੀ ਰੱਖਣਗੇ। 

ਇਸ ਤੋਂ ਬਾਅਦ ਸੂਨਕ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੁੰਗ ਨਾਲ ਵੀ ਮੁਲਾਕਾਰਤ ਕੀਤੀ ਅਤੇ ਨਵੇਂ ਰਣਨੀਤਕ ਸਾਂਝੇਦਾਰੀ ਸਮਝੌਤੇ ’ਤੇ ਹਸਤਾਖ਼ਰ ਕੀਤੇ। ਬਰਤਾਨੀਆਂ ਅਤੇ ਸਿੰਗਾਪੁਰ ਵਿਚਕਾਰ ਰਣਨੀਤਕ ਭਾਗੀਦਾਰੀ ਹੋਣ ਮਗਰੋਂ ਡਾਊਨਿੰਗ ਸਟ੍ਰੀਟ (ਬਿ੍ਰਟਿਸ਼ ਪ੍ਰਧਾਨ ਮੰਤਰੀ ਦਾ ਦਫ਼ਤਰ) ਨੇ ਕਿਹਾ ਕਿ ਦੋਵੇਂ ਦੇਸ਼ ‘ਨਵੀਂ ਅਤੇ ਆਧੁਨਿਕ’ ਦੁਵੱਲੀ ਨਿਵੇਸ਼ ਸੰਧੀ ਨੂੰ ਛੇਤੀ ਹੀ ਅੰਤਮ ਰੂਪ ਦੇਣਗੇ। ਇਸ ਸਮਝੌਤੇ ਨਾਲ ਸਿੰਗਾਪੁਰ ਅਤੇ ਬਰਤਾਨੀਆਂ ਦੀਆਂ ਕੰਪਨੀਆਂ ਇਕ-ਦੂਜੇ ਦੇਸ਼ ’ਚ ਵੱਧ ਵਿਸ਼ਵਾਸ ਨਾਲ ਨਿਵੇਸ਼ ਕਰ ਸਕਣਗੀਆਂ। ਨਾਲ ਹੀ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਚ ਰੁਜ਼ਗਾਰ ਦੇ ਮੌਕੇ ਵਧਣ ਅਤੇ ਵਿਕਾਸ ਦੀ ਉਮੀਦ ਹੈ।