ਸਾਲਾਨਾ ਕਮਾਈ ’ਚ ਪੰਜਾਬ ਦੇ ਕਿਸਾਨਾਂ ਦੀ ਝੰਡੀ! ਸਰਵੇ ਵਿਚ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ...

ਏਜੰਸੀ

ਖ਼ਬਰਾਂ, ਵਪਾਰ

ਔਸਤਨ ਪੰਜਾਬ ਦਾ ਕਿਸਾਨ ਪਰਵਾਰ ਪ੍ਰਤੀ ਮਹੀਨੇ 31 ਹਜ਼ਾਰ ਰੁਪਏ ਤੋਂ ਵੱਧ ਕਮਾਉਂਦੈ

Representative Image.

ਨਵੀਂ ਦਿੱਲੀ : ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਆਲ ਇੰਡੀਆ ਰੂਰਲ ਫਾਈਨੈਂਸ਼ੀਅਲ ਇਨਕਲੂਜ਼ਨ ਸਰਵੇ 2021-22 ਦੇ ਅਨੁਸਾਰ ਪੰਜਾਬ ਦੇ ਕਿਸਾਨ ਪਰਿਵਾਰਾਂ ਦੀ ਆਮਦਨ ਦੇਸ਼ ’ਚ ਸਭ ਤੋਂ ਵੱਧ ਹੈ। ਪੰਜਾਬ ’ਚ ਔਸਤਨ ਇਕ ਕਿਸਾਨ ਪਰਵਾਰ ਹਰ ਮਹੀਨੇ 31,433 ਰੁਪਏ ਕਮਾਉਂਦਾ ਹੈ। ਹਰਿਆਣਾ ’ਚ ਇਕ ਕਿਸਾਨ ਪਰਿਵਾਰ ਦੀ ਔਸਤ ਮਹੀਨਾਵਾਰ ਆਮਦਨ 25,655 ਰੁਪਏ ਹੈ।

ਇਨ੍ਹਾਂ ਦੋਵਾਂ ਸੂਬਿਆਂ ਦੀ ਕਮਾਈ ਦੇ ਮੁਕਾਬਲੇ ਆਬਾਦੀ ਦੇ ਲਿਹਾਜ਼ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਿਸਾਨ ਪਰਿਵਾਰਾਂ ਦੀ ਸਾਲਾਨਾ ਆਮਦਨ ਬਹੁਤ ਘੱਟ ਹੈ। ਯੂ.ਪੀ. ਦਾ ਕਿਸਾਨ ਪਰਿਵਾਰ 10,847 ਰੁਪਏ ਕਮਾਉਂਦਾ ਹੈ। ਬਿਹਾਰ ਦੀ ਔਸਤ ਮਾਸਿਕ ਆਮਦਨ 9252 ਰੁਪਏ ਹੈ, ਜੋ ਦੇਸ਼ ਵਿਚ ਸਭ ਤੋਂ ਘੱਟ ਹੈ। ਰੀਪੋਰਟ ਅਨੁਸਾਰ ਭਾਰਤ ਵਿਚ ਖੇਤੀਬਾੜੀ ਪਰਿਵਾਰਾਂ ਦੀ ਔਸਤ ਮਹੀਨਾਵਾਰ ਆਮਦਨ ਪੰਜ ਸਾਲਾਂ ਵਿਚ 53% ਵਧ ਕੇ 8,931 ਰੁਪਏ ਤੋਂ 13,661 ਰੁਪਏ ਹੋ ਗਈ ਹੈ।

ਆਮਦਨ ਵਿਚ ਵਾਧਾ ਸਾਰੇ ਸੂਬਿਆਂ ਵਿਚ ਬਰਾਬਰ ਨਹੀਂ ਵੇਖਿਆ ਗਿਆ। ਜਦਕਿ ਕੁਝ ਸੂਬਿਆਂ ਵਿਚ ਆਮਦਨ ਵਿਚ ਵੱਡਾ ਵਾਧਾ ਵੇਖਿਆ ਗਿਆ, ਘੱਟੋ-ਘੱਟ ਚਾਰ ਸੂਬਿਆਂ ਵਿਚ ਮਹੀਨਾਵਾਰ ਆਮਦਨ 10,000 ਰੁਪਏ ਤੋਂ ਘੱਟ ਰਹੀ। 2016-17 ਵਿਚ, ਘੱਟੋ-ਘੱਟ 18 ਸੂਬਿਆਂ ਵਿਚ ਖੇਤੀਬਾੜੀ ਪਰਿਵਾਰਾਂ ਦੀ ਔਸਤ ਮਹੀਨਾਵਾਰ ਆਮਦਨ 10,000 ਰੁਪਏ ਤੋਂ ਘੱਟ ਸੀ। 10 ਸੂਬਿਆਂ ਵਿਚ ਇਹ 10,000 ਰੁਪਏ ਤੋਂ ਵੱਧ ਸੀ। ਪੰਜਾਬ ਹੀ ਅਜਿਹਾ ਸੂਬਾ ਸੀ ਜਿੱਥੇ ਇਹ 20,000 ਰੁਪਏ ਤੋਂ ਉੱਪਰ ਸੀ। 2021-22 ਵਿਚ, ਤਿੰਨ ਸੂਬਿਆਂ ਵਿਚ ਕਿਸਾਨ ਪਰਿਵਾਰਾਂ ਦੀ ਔਸਤ ਮਾਸਿਕ ਆਮਦਨ 20,000 ਤੋਂ ਉੱਪਰ ਰਹੀ, ਜਿਸ ਵਿਚ ਪੰਜਾਬ 30,000 ਤੋਂ ਵੱਧ ਦੇ ਨਾਲ ਸੂਚੀ ਵਿਚ ਸਭ ਤੋਂ ਉੱਪਰ ਹੈ, ਜਦਕਿ ਹਰਿਆਣਾ (25,655) ਅਤੇ ਕੇਰਲਾ (22,757) ਦੂਜੇ ਅਤੇ ਤੀਜੇ ਸਥਾਨ ਉਤੇ ਰਿਹਾ।

2016-17 ਵਿਚ ਉੱਤਰ ਪ੍ਰਦੇਸ਼ ਵਿਚ ਖੇਤੀਬਾੜੀ ਪਰਿਵਾਰਾਂ ਦੀ ਔਸਤ ਮਹੀਨਾਵਾਰ ਆਮਦਨ 6,668 ਸੀ, ਜੋ ਕਿ ਸਾਰੇ ਸੂਬਿਆਂ ਵਿਚੋਂ ਸਭ ਤੋਂ ਘੱਟ ਸੀ। ਪੰਜ ਸਾਲਾਂ ਬਾਅਦ ਯਾਨੀ 2021-22 ਤਕ, ਯੂ.ਪੀ. ਵਿਚ ਇਸ ਵਿਚ 63% ਤੋਂ ਵੱਧ ਦਾ ਸੁਧਾਰ ਹੋਇਆ ਹੈ ਅਤੇ ਹੁਣ ਇਹ ਵਧ ਕੇ 10,847 ਰੁਪਏ ਹੋ ਗਿਆ ਹੈ। ਬਿਹਾਰ, ਉੜੀਸਾ, ਤ੍ਰਿਪੁਰਾ ਅਤੇ ਝਾਰਖੰਡ ਵਿਚ ਕਿਸਾਨ ਪਰਿਵਾਰਾਂ ਦੀ ਔਸਤ ਮਹੀਨਾਵਾਰ ਆਮਦਨ ਦੇਸ਼ ਵਿਚ ਸਭ ਤੋਂ ਘੱਟ ਹੈ। ਬਿਹਾਰ ਵਿੱਚ ਸਾਲਾਨਾ ਆਮਦਨ 9252 ਰੁਪਏ ਹੈ, ਜਦਕਿ ਉੜੀਸਾ ਦਾ ਕਿਸਾਨ ਪਰਿਵਾਰ ਇਕ ਮਹੀਨੇ ਵਿੱਚ ਸਿਰਫ਼ 9290 ਰੁਪਏ ਕਮਾ ਸਕਦਾ ਹੈ। ਇਸੇ ਤਰ੍ਹਾਂ ਤ੍ਰਿਪੁਰਾ ਦੀ ਆਮਦਨ 9643 ਰੁਪਏ ਅਤੇ ਝਾਰਖੰਡ ਦੀ ਆਮਦਨ 9787 ਰੁਪਏ ਹੈ।

ਪੰਜਾਬ ਵਿਚ ਖੇਤੀਬਾੜੀ ਪਰਿਵਾਰਾਂ ਦੀ ਔਸਤ ਮਹੀਨਾਵਾਰ ਆਮਦਨ 2016-17 ਵਿਚ 23,133 ਸੀ, ਜੋ ਕਿ 2021-22 ਵਿਚ ਵੱਧ ਕੇ 31,433 ਹੋ ਗਈ ਹੈ, ਜੋ ਕਿ 8,300 ਪ੍ਰਤੀ ਮਹੀਨਾ ਤੋਂ ਵੱਧ ਹੈ। ਇਹ ਵਾਧਾ ਭਾਰਤ ਭਰ ਦੇ ਸੂਬਿਆਂ ਵਿਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ, ਹਰਿਆਣਾ ਵਿਚ ਵੀ ਖੇਤੀਬਾੜੀ ਪਰਿਵਾਰਾਂ ਦੀ ਔਸਤ ਮਾਸਿਕ ਆਮਦਨ ਲਗਭਗ 40% ਵਧੀ ਹੈ, ਜੋ ਕਿ 18,496 ਰੁਪਏ ਤੋਂ 25,655 ਰੁਪਏ ਹੋ ਗਈ ਹੈ। ਯੂਪੀ ਵਿੱਚ ਪੰਜ ਸਾਲਾਂ ਵਿੱਚ ਕਿਸਾਨ ਪਰਿਵਾਰਾਂ ਦੀ ਮਹੀਨਾਵਾਰ ਆਮਦਨ ਵਿੱਚ 63 ਫੀਸਦੀ ਵਾਧਾ ਹੋਇਆ ਹੈ।