ਐਨ.ਸੀ.ਐਲ. ਟੀ. ਨੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਨਾਲ ਸੁਜੂਕੀ ਮੋਟਰ ਗੁਜਰਾਤ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ
ਐਨ.ਸੀ.ਐਲ. ਟੀ. ਨੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਨਾਲ ਸੁਜੂਕੀ ਮੋਟਰ ਗੁਜਰਾਤ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ : ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨ.ਸੀ.ਐਲ.ਟੀ.) ਨੇ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੇ ਨਾਲ ਸੁਜ਼ੂਕੀ ਮੋਟਰ ਗੁਜਰਾਤ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਨ.ਸੀ.ਐਲ. ਟੀ. ਦੀ ਦਿੱਲੀ ਸਥਿਤ ਦੋ ਮੈਂਬਰੀ ਬੈਂਚ ਨੇ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਟਿਡ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀ ਸਾਂਝੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਬੈਂਚ ਨੇ ਰਲੇਵੇਂ ਦੀ ਯੋਜਨਾ ਲਈ 1 ਅਪ੍ਰੈਲ 2025 ਨੂੰ ਆਖਰੀ ਮਿਤੀ ਵਜੋਂ ਪ੍ਰਸਤਾਵਿਤ ਕੀਤਾ। ਟ੍ਰਿਬਿਊਨਲ ਨੇ ਕਿਹਾ ਕਿ ਇਹ ਯੋਜਨਾ ਦੋਵਾਂ ਪਟੀਸ਼ਨਰ ਕੰਪਨੀਆਂ, ਉਨ੍ਹਾਂ ਦੇ ਸ਼ੇਅਰਧਾਰਕਾਂ, ਲੈਣਦਾਰਾਂ, ਕਰਮਚਾਰੀਆਂ ਅਤੇ ਸਾਰੇ ਸਬੰਧਤ ਪੱਖਾਂ ਦੇ ਹਿੱਤ ਵਿੱਚ ਹੈ ਅਤੇ ਮੌਜੂਦਾ ਯੋਜਨਾ ਨੂੰ ਮਨਜ਼ੂਰੀ ਦੇਣ ਵਿੱਚ ਕੋਈ ਰੁਕਾਵਟ ਨਹੀਂ ਹੈ।
ਬੈਂਚ ਨੇ ਨੋਟ ਕੀਤਾ ਕਿ ਆਮਦਨ ਕਰ ਵਿਭਾਗ ਅਤੇ ਅਧਿਕਾਰਤ ਸਮਾਪਤੀਕਰਤਾ, ਅਹਿਮਦਾਬਾਦ ਨੇ ਇਸ ਵਿਚਾਰ ਅਧੀਨ ਯੋਜਨਾ ਦੇ ਸਬੰਧ ’ਚ ਆਪਣਾ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ। ਇਸ ਤੋਂ ਇਲਾਵਾ ਹੋਰ ਕਾਨੂੰਨੀ ਅਥਾਰਟੀਆਂ ਜਿਵੇਂ ਕਿ ਆਰ.ਬੀ.ਆਈ., ਸੇਬੀ, ਬੀ.ਐਸ. ਈ. ਅਤੇ ਐਨ.ਐਸ.ਈ. ਨੇ ਵੀ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ।
ਬੈਂਚ ਨੇ ਕਿਹਾ ਕਿ ਉਪਰੋਕਤ ਤੱਥਾਂ ਖਾਸ ਕਰਕੇ ਸਬੰਧਤ ਅਧਿਕਾਰੀਆਂ ਦੇ ਸਟੈਂਡ ਅਤੇ ਸਾਰੀਆਂ ਪਟੀਸ਼ਨਰ ਕੰਪਨੀਆਂ ਦੇ ਮੈਂਬਰਾਂ ਅਤੇ ਲੈਣਦਾਰਾਂ ਦੀ ਪ੍ਰਵਾਨਗੀ ’ਤੇ ਵਿਚਾਰ ਕਰਨ ਤੋਂ ਬਾਅਦ ਇਸ ਯੋਜਨਾ ਨੂੰ ਮਨਜ਼ੂਰੀ ਦੇਣ ’ਚ ਕੋਈ ਰੁਕਾਵਟ ਨਜ਼ਰ ਨਹੀਂ ਆਉਂਦੀ। ਐਨ.ਸੀ.ਐਲ.ਟੀ. ਬੈਂਚ ਦੇ ਪ੍ਰਧਾਨ ਰਾਮਲਿੰਗਮ ਸੁਧਾਕਰ ਅਤੇ ਮੈਂਬਰ ਰਵਿੰਦਰ ਚਤੁਰਵੇਦੀ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਅਜਿਹੇ ’ਚ ਕੰਪਨੀ ਐਕਟ 2013 ਦੀ ਧਾਰਾ 230 ਤੋਂ 232 ਦੇ ਤਹਿਤ ਪਟੀਸ਼ਨਕਰਤਾ ਕੰਪਨੀਆਂ ਵੱਲੋਂ ਪ੍ਰਸਤਾਵਿਤ ਰਲੇਵੇਂ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ।