Airtel Spam Report: ਏਅਰਟੈੱਲ ਨੇ ਜਾਰੀ ਕੀਤੀ ਸਪੈਮ ਰਿਪੋਰਟ, ਨੈੱਟਵਰਕ ਰੁਝਾਨਾਂ ਦਾ ਕੀਤਾ ਵਿਸ਼ਲੇਸ਼ਣ
ਰਿਪੋਰਟ ਵਿੱਚ ਸਾਹਮਣੇ ਆਏ ਰੁਝਾਨ ਦੇ ਅਨੁਸਾਰ, 76% ਸਪੈਮ ਕਾਲਾਂ ਪੁਰਸ਼ ਗ੍ਰਾਹਕਾਂ ਨੂੰ ਕੀਤੀਆਂ ਗਈਆਂ ਹਨ।
Airtel Spam Report 2024: ਭਾਰਤ ਦੇ ਪਹਿਲੇ ਸਪੈਮ-ਫਾਈਟਿੰਗ ਨੈਟਵਰਕ, ਭਾਰਤੀ ਏਅਰਟੈੱਲ, ਨੇ ਆਪਣੇ ਏਆਈ-ਸੰਚਾਲਿਤ ਸਪੈਮ- ਫਾਈਟਿੰਗ ਹੱਲ ਦੇ ਲਾਂਚ ਕਰਨ ਦੇ ਦੇ ਸਿਰਫ ਢਾਈ ਮਹੀਨਿਆਂ ਦੇ ਅੰਦਰ ਹੀ 8 ਬਿਲੀਅਨ ਸਪੈਮ ਕਾਲਾਂ ਅਤੇ 0.8 ਬਿਲੀਅਨ ਸਪੈਮ ਐੱਸਐੱਮਐੱਸ ਨੂੰ ਚਿੰਨ੍ਹਿਤ ਕੀਤਾ ਹੈ। ਇਸ ਉੱਨਤ ਐਲਗੋਰਿਦਮ ਦੀ ਮਦਦ ਨਾਲ, ਏਆਈ-ਸੰਚਾਲਿਤ ਨੈੱਟਵਰਕ ਨੇ ਹਰ ਦਿਨ ਲਗਭਗ 10 ਲੱਖ ਸਪੈਮਜ਼ ਦੀ ਸਫਲਤਾਪੂਰਵਕ ਪਛਾਣ ਕੀਤੀ ਹੈ।
ਪਿਛਲੇ ਢਾਈ ਮਹੀਨਿਆਂ ਵਿੱਚ, ਕੰਪਨੀ ਨੇ ਲਗਭਗ 252 ਮਿਲੀਅਨ ਵਿਲੱਖਣ ਗਾਹਕਾਂ ਨੂੰ ਇਹਨਾਂ ਸਪੈਮ ਕਾਲਾਂ ਬਾਰੇ ਸੁਚੇਤ ਕੀਤਾ ਹੈ ਅਤੇ ਅਜਿਹੀਆਂ ਕਾਲਾਂ ਦਾ ਜਵਾਬ ਦੇਣ ਵਾਲੇ ਗ੍ਰਾਹਕਾਂ ਦੀ ਗਿਣਤੀ ਵਿੱਚ 12% ਦੀ ਗਿਰਾਵਟ ਦੇਖੀ ਗਈ ਹੈ। ਏਅਰਟੈੱਲ ਨੈੱਟਵਰਕ 'ਤੇ ਸਾਰੀਆਂ ਕਾਲਾਂ ਵਿੱਚੋਂ 6% ਨੂੰ ਸਪੈਮ ਕਾਲਾਂ ਵਜੋਂ ਪਛਾਣਿਆ ਗਿਆ ਹੈ, ਜਦੋਂ ਕਿ ਕੁੱਲ ਐੱਸਐੱਮਐੱਸ ਦੇ 2% ਨੂੰ ਵੀ ਸਪੈਮ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਦਿਲਚਸਪ ਤੱਥ ਇਹ ਹੈ ਕਿ 35% ਸਪੈਮਰਾਂ ਨੇ ਲੈਂਡਲਾਈਨ ਟੈਲੀਫੋਨ ਦੀ ਵਰਤੋਂ ਕੀਤੀ।
ਦਿੱਲੀ ਦੇ ਗ੍ਰਾਹਕਾਂ ਨੂੰ ਸਭ ਤੋਂ ਵੱਧ ਸਪੈਮ ਕਾਲਾਂ ਪ੍ਰਾਪਤ ਹੋਈਆਂ ਹਨ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਗ੍ਰਾਹਕ ਹਨ। ਸਭ ਤੋਂ ਵੱਧ ਸਪੈਮ ਕਾਲਾਂ ਦਿੱਲੀ ਤੋਂ ਕੀਤੀਆਂ ਗਈਆਂ, ਉਸ ਤੋਂ ਬਾਅਦ ਮੁੰਬਈ ਅਤੇ ਕਰਨਾਟਕ ਦਾ ਨੰਬਰ ਆਉਂਦਾ ਹੈ। ਐੱਸਐੱਮਐੱਸ ਦੇ ਮਾਮਲੇ ਵਿੱਚ, ਸਭ ਤੋਂ ਵੱਧ ਐੱਸਐੱਮਐੱਸ ਗੁਜਰਾਤ ਤੋਂ ਭੇਜੇ ਗਏ, ਫਿਰ ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਤੋਂ। ਮੁੰਬਈ, ਚੇਨਈ ਅਤੇ ਗੁਜਰਾਤ ਤੋਂ ਸਭ ਤੋਂ ਵੱਧ ਗ੍ਰਾਹਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। (Airtel Spam Report 2024)
ਰਿਪੋਰਟ ਵਿੱਚ ਸਾਹਮਣੇ ਆਏ ਰੁਝਾਨ ਦੇ ਅਨੁਸਾਰ, 76% ਸਪੈਮ ਕਾਲਾਂ ਪੁਰਸ਼ ਗ੍ਰਾਹਕਾਂ ਨੂੰ ਕੀਤੀਆਂ ਗਈਆਂ ਹਨ। ਉਮਰ ਦੇ ਆਧਾਰ 'ਤੇ ਸਪੈਮ ਕਾਲਾਂ ਦੀ ਗਿਣਤੀ 'ਚ ਵੀ ਅੰਤਰ ਦੇਖਿਆ ਗਿਆ ਹੈ। 36-60 ਸਾਲ ਦੀ ਉਮਰ ਦੇ ਗ੍ਰਾਹਕਾਂ ਨੂੰ 48% ਸਪੈਮ ਕਾਲਾਂ ਪ੍ਰਾਪਤ ਹੋਈਆਂ, ਜਦੋਂ ਕਿ 26-35 ਸਾਲ ਦੀ ਉਮਰ ਦੇ ਗਾਹਕਾਂ ਨੂੰ 26% ਕਾਲਾਂ ਪ੍ਰਾਪਤ ਹੋਈਆਂ। ਸਿਰਫ਼ 8% ਸਪੈਮ ਕਾਲਾਂ ਸੀਨੀਅਰ ਨਾਗਰਿਕਾਂ ਤੱਕ ਪਹੁੰਚੀਆਂ ਹਨ।
ਕੰਪਨੀ ਦੀਆਂ ਖੋਜਾਂ ਨੇ ਸਪੈਮ ਕਾਲਾਂ ਦੇ ਸਮੇਂ ਦਾ ਵੀ ਖੁਲਾਸਾ ਕੀਤਾ ਹੈ। ਸਪੈਮ ਕਾਲਾਂ ਸਵੇਰੇ 9 ਵਜੇ ਸ਼ੁਰੂ ਹੁੰਦੀਆਂ ਹਨ ਅਤੇ ਦਿਨ ਚੜਨ ਨਾਲ ਇਨ੍ਹਾਂ ਦੀ ਗਿਣਤੀ ਵਧਦੀ ਜਾਂਦੀ ਹੈ। ਸਪੈਮ ਕਾਲਾਂ ਦੀ ਸਭ ਤੋਂ ਵੱਧ ਗਤੀਵਿਧੀ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿਚਕਾਰ ਹੁੰਦੀ ਹੈ। ਇਸ ਤੋਂ ਇਲਾਵਾ, ਹਫਤੇ ਦੇ ਦਿਨਾਂ ਅਤੇ ਸ਼ਨੀਵਾਰ-ਐਤਵਾਰ 'ਤੇ ਸਪੈਮ ਕਾਲਾਂ ਦੀ ਗਿਣਤੀ ਵਿੱਚ ਇੱਕ ਵੱਡਾ ਅੰਤਰ ਦੇਖਿਆ ਗਿਆ ਹੈ। ਐਤਵਾਰ ਨੂੰ ਇਹਨਾਂ ਕਾਲਾਂ ਦੀ ਗਿਣਤੀ ਲਗਭਗ 40% ਘੱਟ ਜਾਂਦੀ ਹੈ। ਇੱਕ ਰੁਝਾਨ ਇਹ ਵੀ ਦੇਖਿਆ ਗਿਆ ਕਿ ਖਾਸ ਤੌਰ 'ਤੇ 15,000 ਰੁਪਏ ਤੋਂ 20,000 ਰੁਪਏ ਤੱਕ ਦੀਆਂ ਡਿਵਾਈਸਾਂ 'ਤੇ, ਲਗਭਗ 22% ਸਪੈਮ ਕਾਲਾਂ ਪ੍ਰਾਪਤ ਹੁੰਦੀਆਂ ਹਨ।
ਕਈ ਮਾਪਦੰਡਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਕੇ, ਏਆਈ-ਸੰਚਾਲਿਤ ਸਿਸਟਮ ਨੇ ਅਸਲ ਸਮੇਂ ਵਿੱਚ ਬਹੁਤ ਹੀ ਸ਼ੁੱਧਤਾ ਨਾਲ ਇਹਨਾਂ ਅਣਚਾਹੇ ਕਾਲਾਂ ਦੀ ਪਛਾਣ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਪਹਿਲਕਦਮੀ ਏਅਰਟੈੱਲ ਨੂੰ ਭਾਰਤ ਵਿੱਚ ਸਪੈਮ ਦੀ ਵਧ ਰਹੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਪ੍ਰਦਾਨ ਕਰਨ ਵਾਲੀ ਪਹਿਲੀ ਸੇਵਾ ਪ੍ਰਦਾਤਾ ਬਣਾਉਂਦੀ ਹੈ ਅਤੇ ਆਪਣੇ ਗ੍ਰਾਹਕਾਂ ਦੀ ਗੋਪਨੀਯਤਾ ਅਤੇ ਸਹੂਲਤ ਨੂੰ ਤਰਜੀਹ ਦਿੰਦੇ ਹੋਏ ਉਦਯੋਗ ਵਿੱਚ ਨਵੇਂ ਸੁਰੱਖਿਆ ਮਾਪਦੰਡ ਸਥਾਪਤ ਕੀਤੇ ਹਨ।
ਭਾਰਤ ਸਰਕਾਰ ਨੇ ਸੇਵਾ ਅਤੇ ਲੈਣ-ਦੇਣ ਕਾਲਾਂ ਲਈ 160 ਤੋਂ ਸ਼ੁਰੂ ਹੋਣ ਵਾਲੇ 10-ਅੰਕ ਵਾਲੇ ਨੰਬਰ ਅਲਾਟ ਕੀਤੇ ਹਨ। ਗ੍ਰਾਹਕ ਇਹਨਾਂ 160 ਪ੍ਰੀਫਿਕਸਡ ਨੰਬਰਾਂ ਤੋਂ ਕਾਲਾਂ ਪ੍ਰਾਪਤ ਕਰ ਸਕਦੇ ਹਨ, ਜੋ ਬੈਂਕਾਂ, ਮਿਉਚੁਅਲ ਫੰਡਾਂ, ਬੀਮਾ ਕੰਪਨੀਆਂ, ਸਟਾਕ ਬ੍ਰੋਕਰਾਂ, ਹੋਰ ਵਿੱਤੀ ਸੰਸਥਾਵਾਂ, ਕਾਰਪੋਰੇਟਾਂ, ਉੱਦਮਾਂ, SMEs ਅਤੇ ਵੱਡੇ ਅਤੇ ਛੋਟੇ ਕਾਰੋਬਾਰਾਂ ਦੁਆਰਾ ਲੈਣ-ਦੇਣ ਅਤੇ ਸੇਵਾ ਕਾਲਾਂ ਲਈ ਵਰਤੇ ਜਾਣਗੇ।
ਇਸ ਤੋਂ ਇਲਾਵਾ, ਜਿਹੜੇ ਗਾਹਕ “ਡੂ ਨਾਟ ਡਿਸਟਰਬ” (DND) ਸੇਵਾ ਦੀ ਚੋਣ ਨਹੀਂ ਕਰਦੇ ਹਨ ਅਤੇ ਪ੍ਰਚਾਰ ਕਾਲਾਂ ਲਈ ਸਬਸਕ੍ਰਾਈਬ ਨਹੀਂ ਕਰਦੇ ਹਨ, ਉਨ੍ਹਾਂ ਨੂੰ 140 ਅਗੇਤਰ ਵਾਲੇ ਦਸ ਅੰਕਾਂ ਤੋਂ ਕਾਲਾਂ ਮਿਲਣੀਆਂ ਜਾਰੀ ਰਹਿਣਗੀਆਂ