Stock Market: ਐਫਪੀਆਈ ਨੇ ਮਾਰਚ ਵਿਚ ਸਟਾਕ ਮਾਰਕੀਟ ਵਿਚ 6,100 ਕਰੋੜ ਰੁਪਏ ਦਾ ਨਿਵੇਸ਼ ਕੀਤਾ
ਫਰਵਰੀ 'ਚ 22,419 ਕਰੋੜ ਰੁਪਏ, ਜਨਵਰੀ 'ਚ 19,836 ਕਰੋੜ ਰੁਪਏ ਅਤੇ ਦਸੰਬਰ 'ਚ 18,302 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤਾ ਸੀ।
Stock Market: ਨਵੀਂ ਦਿੱਲੀ - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ (ਮਾਰਚ) ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ 'ਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮਜ਼ਬੂਤ ਆਰਥਿਕ ਵਿਕਾਸ, ਬਾਜ਼ਾਰ ਦੀ ਮਜ਼ਬੂਤੀ ਅਤੇ ਅਮਰੀਕੀ ਬਾਂਡ ਯੀਲਡ 'ਚ ਗਿਰਾਵਟ ਕਾਰਨ ਭਾਰਤੀ ਸ਼ੇਅਰ ਐੱਫਪੀਆਈ ਦਾ ਧਿਆਨ ਖਿੱਚ ਰਹੇ ਹਨ।
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਉਨ੍ਹਾਂ ਨੇ ਫਰਵਰੀ 'ਚ ਸ਼ੇਅਰਾਂ 'ਚ 1,539 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਜਨਵਰੀ 'ਚ ਉਨ੍ਹਾਂ ਨੇ 25,743 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਬੀਡੀਓ ਇੰਡੀਆ ਦੇ ਪਾਰਟਨਰ ਅਤੇ ਲੀਡਰ (ਐਫਐਸ ਟੈਕਸ, ਟੈਕਸ ਐਂਡ ਰੈਗੂਲੇਟਰੀ ਸਰਵਿਸਿਜ਼) ਮਨੋਜ ਪੁਰੋਹਿਤ ਨੇ ਕਿਹਾ, "ਪਿਛਲੇ ਮਹੀਨੇ ਦੇ ਮੁਕਾਬਲੇ ਮਾਰਚ ਵਿਚ ਐਫਪੀਆਈ ਦੀ ਭਾਵਨਾ ਵਧੇਰੇ ਸਕਾਰਾਤਮਕ ਦਿਖਾਈ ਦਿੰਦੀ ਹੈ।
ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਉਮੀਦ ਤੋਂ ਬਿਹਤਰ 8.4 ਫ਼ੀਸਦੀ ਰਹੀ ਹੈ। ਇਸ ਤੋਂ ਇਲਾਵਾ ਭਾਰਤ ਦੀਆਂ ਵੱਡੀਆਂ ਕੰਪਨੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਇਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਦਾ ਆਕਰਸ਼ਣ ਐੱਫਪੀਆਈ 'ਚ ਬਣਿਆ ਹੋਇਆ ਹੈ। ''
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ ਕੇ ਵਿਜੇਕੁਮਾਰ ਨੇ ਕਿਹਾ ਕਿ ਐੱਫਪੀਆਈ ਤਿੰਨ ਕਾਰਨਾਂ ਕਰਕੇ ਭਾਰਤੀ ਬਾਜ਼ਾਰ ਵਿਚ ਦਿਲਚਸਪੀ ਦਿਖਾ ਰਹੇ ਹਨ। ਇਨ੍ਹਾਂ 'ਚ ਬਾਜ਼ਾਰ ਦੀ ਮਜ਼ਬੂਤੀ ਅਤੇ ਅਮਰੀਕਾ 'ਚ ਬਾਂਡ ਯੀਲਡ 'ਚ ਗਿਰਾਵਟ ਤੋਂ ਇਲਾਵਾ ਉਮੀਦ ਤੋਂ ਬਿਹਤਰ ਜੀਡੀਪੀ ਵਿਕਾਸ ਅੰਕੜੇ ਸ਼ਾਮਲ ਹਨ। ''
ਸ਼ੇਅਰਾਂ ਤੋਂ ਇਲਾਵਾ ਐੱਫਪੀਆਈ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਕਰਜ਼ਾ ਬਾਜ਼ਾਰ 'ਚ 1,025 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕਰਜ਼ਾ ਜਾਂ ਬਾਂਡ ਬਾਜ਼ਾਰ ਦੀ ਗੱਲ ਕਰੀਏ ਤਾਂ ਜੇਪੀ ਮੋਰਗਨ ਇੰਡੈਕਸ 'ਚ ਭਾਰਤ ਸਰਕਾਰ ਦੇ ਬਾਂਡ ਸ਼ਾਮਲ ਕਰਨ ਦੇ ਐਲਾਨ ਤੋਂ ਪ੍ਰਭਾਵਿਤ ਐੱਫਪੀਆਈ ਪਿਛਲੇ ਕੁਝ ਮਹੀਨਿਆਂ ਤੋਂ ਕਰਜ਼ਾ ਬਾਜ਼ਾਰ 'ਚ ਪੈਸਾ ਲਗਾ ਰਹੇ ਹਨ।
ਉਨ੍ਹਾਂ ਨੇ ਫਰਵਰੀ 'ਚ 22,419 ਕਰੋੜ ਰੁਪਏ, ਜਨਵਰੀ 'ਚ 19,836 ਕਰੋੜ ਰੁਪਏ ਅਤੇ ਦਸੰਬਰ 'ਚ 18,302 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤਾ ਸੀ।
ਇਸ ਸਾਲ ਹੁਣ ਤੱਕ ਐੱਫਪੀਆਈ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 18,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਰਜ਼ਾ ਬਾਜ਼ਾਰ 'ਚ 43,280 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।