ਅਨਿਲ ਅੰਬਾਨੀ ਨੂੰ ਅਦਾਲਤ ਤੋਂ ਮਿਲਿਆ ਇਕ ਹੋਰ ਝਟਕਾ, ਜਾਣੋ ਕਿਵੇਂ ਕਦੇ ਦੁਨੀਆ ਦਾ ਛੇਵਾਂ ਸਭ ਤੋਂ ਅਮੀਰ ਵਿਅਕਤੀ ਗਿਆ ਢਹਿੰਦੀ ਕਲਾ ’ਚ

ਏਜੰਸੀ

ਖ਼ਬਰਾਂ, ਵਪਾਰ

ਕਦੇ ਅਨਿਲ ਅੰਬਾਨੀ ਸੀ ਦੁਨੀਆ ਦਾ ਛੇਵਾਂ ਸਭ ਤੋਂ ਅਮੀਰ ਵਿਅਕਤੀ, ਹੁਣ ਅਮੀਰਾਂ ਦੀ ਸੂਚੀ ’ਚੋਂ ਵੀ ਬਾਹਰ

Anil ambani

ਨਵੀਂ ਦਿੱਲੀ: ਕਦੇ ਦੁਨੀਆਂ ਦੇ ਛੇਵੇਂ ਸੱਭ ਤੋਂ ਅਮੀਰ ਵਿਅਕਤੀ ਰਹੇ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਉਨ੍ਹਾਂ ਨੂੰ ਤਾਜ਼ਾ ਝਟਕਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਲੱਗਾ ਹੈ। ਅਦਾਲਤ ਨੇ ਆਰਬਿਟਰੇਸ਼ਨ ਟ੍ਰਿਬਿਊਨਲ ਦੇ ਉਸ ਫੈਸਲੇ ਨੂੰ ਰੱਦ ਕਰ ਦਿਤਾ, ਜਿਸ ’ਚ ਉਨ੍ਹਾਂ ਦੀ ਸਮੂਹ ਕੰਪਨੀ ਨੂੰ 8,000 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ। 

ਅੰਬਾਨੀ 2008 ’ਚ ਦੁਨੀਆਂ ਦੇ ਛੇਵੇਂ ਸੱਭ ਤੋਂ ਅਮੀਰ ਵਿਅਕਤੀ ਸਨ ਪਰ ਵਾਰ-ਵਾਰ ਝਟਕਿਆਂ ਕਾਰਨ ਉਨ੍ਹਾਂ ਦੀ ਸਥਿਤੀ ਬਦਲ ਗਈ ਹੈ ਅਤੇ ਹੁਣ ਉਹ ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਅਮਰੀਕਾ ਦੇ ਵਾਰਟਨ ਸਕੂਲ ਤੋਂ ਐਮ.ਬੀ.ਏ. ਕਰਨ ਵਾਲੇ 64 ਸਾਲ ਦੇ ਅਨਿਲ ਅੰਬਾਨੀ ਮਸ਼ਹੂਰ ਉਦਯੋਗਪਤੀ ਧੀਰੂਭਾਈ ਅੰਬਾਨੀ ਦੇ ਛੋਟੇ ਬੇਟੇ ਹਨ। ਉਹ ਅਪਣੀ ਸਫਲ ਕਾਰੋਬਾਰੀ ਸੂਝ-ਬੂਝ ਦੇ ਮਾਮਲੇ ’ਚ ਅਪਣੇ ਤੇਜ਼-ਤਰਾਰ ਸੁਭਾਅ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਟੀਨਾ ਮੁਨੀਮ ਨਾਲ ਵਿਆਹ ਕੀਤਾ ਅਤੇ ਦੋ ਸਾਲ ਰਾਜ ਸਭਾ ਮੈਂਬਰ ਵੀ ਰਹੇ। ਹਾਲਾਂਕਿ, ਪਿਛਲੇ ਕੁੱਝ ਸਾਲਾਂ ’ਚ, ਉਨ੍ਹਾਂ ਨੂੰ ਅਪਣੇ ਕਾਰੋਬਾਰ ’ਚ ਕਈ ਝਟਕਿਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਝਟਕਿਆਂ ਨੇ ਉਨ੍ਹਾਂ ਨੂੰ ਅਰਬਪਤੀਆਂ ਦੀ ਸੂਚੀ ਤੋਂ ਬਾਹਰ ਕਰ ਦਿਤਾੲ ਹੈ। 

ਸੁਪਰੀਮ ਕੋਰਟ ਨੇ ਬੁਧਵਾਰ ਨੂੰ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਪ੍ਰਾਈਵੇਟ ਲਿਮਟਿਡ (ਡੀ.ਐਮ.ਕੇ.ਪੀ.ਐਲ.) ਦੇ ਹੱਕ ’ਚ ਦਿਤੇ ਆਰਬਿਟਰੇਸ਼ਨ ਟ੍ਰਿਬਿਊਨਲ ਦੇ 8,000 ਕਰੋੜ ਰੁਪਏ ਦੇ ਫੈਸਲੇ ਨੂੰ ਰੱਦ ਕਰ ਦਿਤਾ। ਇਹ ਫੈਸਲਾ 2008 ’ਚ ਅਨਿਲ ਅੰਬਾਨੀ ਦੀ ਰਿਲਾਇੰਸ ਇੰਫਰਾਸਟ੍ਰਕਚਰ ਦੀ ਸਹਾਇਕ ਕੰਪਨੀ ਡੀ.ਏ.ਐਮ.ਈ.ਪੀ.ਐਲ. ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦਰਮਿਆਨ ‘ਰਿਆਇਤ ਸਮਝੌਤੇ’ ਤੋਂ ਪੈਦਾ ਹੋਏ ਵਿਵਾਦ ਦੇ ਮਾਮਲੇ ’ਚ ਲਿਆ ਗਿਆ ਸੀ। ਅਦਾਲਤ ਨੇ ਡੀ.ਏ.ਐਮ.ਈ.ਪੀ.ਐਲ. ਨੂੰ ਆਰਬਿਟਰੇਸ਼ਨ ਐਵਾਰਡ ਅਨੁਸਾਰ ਦਿੱਲੀ ਮੈਟਰੋ ਰੇਲ ਵਲੋਂ ਪਹਿਲਾਂ ਹੀ ਅਦਾ ਕੀਤੀ ਗਈ ਸਾਰੀ ਰਕਮ ਵਾਪਸ ਕਰਨ ਲਈ ਕਿਹਾ। 

ਡੀ.ਐਮ.ਆਰ.ਸੀ. ਨੇ ਰਿਲਾਇੰਸ ਇੰਫਰਾ ਦੀ ਇਕਾਈ ਨੂੰ 3,300 ਕਰੋੜ ਰੁਪਏ ਦਾ ਭੁਗਤਾਨ ਕਰ ਵੀ ਦਿਤਾ ਸੀ। ਇਸ ਨੂੰ ਹੁਣ ਵਾਪਸ ਕਰਨਾ ਪਵੇਗਾ। ਅਨਿਲ ਅੰਬਾਨੀ ਦੀ ਰਿਲਾਇੰਸ ਇੰਫਰਾਸਟ੍ਰਕਚਰ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਸੂਚਨਾ ’ਚ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ’ਤੇ ਉਸ ਕੋਲ ਕੋਈ ਦੇਣਦਾਰੀ ਨਹੀਂ ਬਣਦੀ ਹੈ। ਕੰਪਨੀ ਨੇ ਕਿਹਾ, ‘‘ਰਿਲਾਇੰਸ ਇਨਫ਼ਰਾਸਟਰੱਕਚਰ ਇਸ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਅਦਾਲਤ ਦੇ 10 ਅਪ੍ਰੈਲ, 2024 ਦੇ ਪਾਸ ਹੁਕਮ ’ਚ ਕੰਪਨੀ ’ਤੇ ਦੀ ਕੋਈ ਦੇਣਦਾਰੀ ਨਹੀਂ ਹੈ ਅਤੇ ਕੰਪਨੀ ਨੂੰ ਆਰਬਿਟਰੇਸ਼ਨ ਐਵਾਰਡ ਦੇ ਤਹਿਤ ਡੀ.ਐਮ.ਆਰ.ਸੀ./ਡੀ.ਏ.ਐਮ.ਈ.ਪੀ.ਐਲ. ਤੋਂ ਕੋਈ ਪੈਸਾ ਨਹੀਂ ਮਿਲਿਆ ਹੈ।’’ ਡੀ.ਏ.ਐਮ.ਈ.ਪੀ.ਐਲ. ਰਿਲਾਇੰਸ ਇੰਫਰਾਸਟ੍ਰਕਚਰ ਦੀ ਸਹਾਇਕ ਕੰਪਨੀ ਹੈ। ਇਹ ਇਕ ਵੱਖਰੀ ਇਕਾਈ ਹੈ ਅਤੇ ਦੇਣਦਾਰੀ ਇਸ ’ਤੇ ਆਉਂਦੀ ਹੈ। 

1986 ’ਚ ਧੀਰੂਭਾਈ ਨੂੰ ਦੌਰਾ ਪੈਣ ਤੋਂ ਬਾਅਦ, ਅਨਿਲ ਨੇ ਅਪਣੇ ਪਿਤਾ ਦੀ ਨਿਗਰਾਨੀ ਹੇਠ ਰਿਲਾਇੰਸ ਦੇ ਵਿੱਤੀ ਮਾਮਲਿਆਂ ਨੂੰ ਸੰਭਾਲਿਆ ਸੀ। 2002 ’ਚ ਅਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਅਤੇ ਉਸ ਦੇ ਵੱਡੇ ਭਰਾ ਮੁਕੇਸ਼ ਅੰਬਾਨੀ ਨੇ ਸਾਂਝੇ ਤੌਰ ’ਤੇ ਰਿਲਾਇੰਸ ਕੰਪਨੀਆਂ ਨੂੰ ਸੰਭਾਲਿਆ। ਪਰ ਜਲਦੀ ਹੀ ਉਨ੍ਹਾਂ ਵਿਚਾਲੇ ਕੰਟਰੋਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਨਤੀਜੇ ਵਜੋਂ, ਕਾਰੋਬਾਰ ਵੰਡਿਆ ਗਿਆ ਸੀ।

ਮੁਕੇਸ਼ ਨੂੰ ਤੇਲ ਅਤੇ ਪੈਟਰੋਕੈਮੀਕਲਜ਼ ਦਾ ਮਹੱਤਵਪੂਰਨ ਕਾਰੋਬਾਰ ਮਿਲਿਆ, ਜਦਕਿ ਅਨਿਲ ਨੂੰ 2005 ਦੀ ਵੰਡ ਰਾਹੀਂ ਦੂਰਸੰਚਾਰ, ਬਿਜਲੀ ਉਤਪਾਦਨ ਅਤੇ ਵਿੱਤੀ ਸੇਵਾਵਾਂ ਵਰਗੇ ਨਵੇਂ ਕਾਰੋਬਾਰਾਂ ਦਾ ਕੰਟਰੋਲ ਮਿਲਿਆ। ਇਸ ਤੋਂ ਬਾਅਦ ਵੀ ਦੋਹਾਂ ਭਰਾਵਾਂ ਵਿਚਾਲੇ ਝਗੜਾ ਖਤਮ ਨਹੀਂ ਹੋਇਆ। ਮੁਕੇਸ਼ ਦੀ ਕੰਪਨੀ ਤੋਂ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਸਮੂਹ ਦੇ ਪਾਵਰ ਪਲਾਂਟ ਨੂੰ ਗੈਸ ਦੀ ਸਪਲਾਈ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਸੀ। ਵੱਡੇ ਭਰਾ ਨੇ ਸੁਪਰੀਮ ਕੋਰਟ ’ਚ ਕੇਸ ਜਿੱਤ ਲਿਆ। 

ਇਸ ਨੇ ਕਿਹਾ ਕਿ ਪਰਵਾਰਕ ਸਮਝੌਤਾ ਸਰਕਾਰ ਦੀ ਵੰਡ ਨੀਤੀ ਨੂੰ ਖਤਮ ਨਹੀਂ ਕਰ ਸਕਦਾ। ਅਨਿਲ ਨੇ ਬੁਨਿਆਦੀ ਢਾਂਚੇ, ਰੱਖਿਆ ਅਤੇ ਮਨੋਰੰਜਨ ਕਾਰੋਬਾਰ ’ਚ ਵਿਸਥਾਰ ਕਰਨ ਲਈ ਕਰਜ਼ਾ ਲਿਆ ਸੀ। ਇਲਾਹਾਬਾਦ ਹਾਈ ਕੋਰਟ ਨੇ 2009 ’ਚ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਸਮੂਹ ਵਲੋਂ ਉੱਤਰ ਪ੍ਰਦੇਸ਼ ਦੇ ਦਾਦਰੀ ’ਚ ਪ੍ਰਸਤਾਵਿਤ ਮੈਗਾ ਗੈਸ ਅਧਾਰਤ ਬਿਜਲੀ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਨੂੰ ਰੱਦ ਕਰ ਦਿਤਾ ਸੀ। ਦੋਹਾਂ ਭਰਾਵਾਂ ਵਿਚਾਲੇ ਗੈਰ-ਮੁਕਾਬਲਾ ਧਾਰਾ ਨੇ ਮੁਕੇਸ਼ ਨੂੰ ਦੂਰਸੰਚਾਰ ਤੋਂ ਦੂਰ ਰੱਖਿਆ, ਪਰ 2010 ਵਿਚ ਇਸ ਵਿਵਸਥਾ ਨੂੰ ਖਤਮ ਕਰ ਦਿਤਾ ਗਿਆ। ਮੁਕੇਸ਼ ਨੇ ਮੈਦਾਨ ’ਤੇ ਤੇਜ਼ੀ ਨਾਲ ਵਾਪਸੀ ਕੀਤੀ। ਉਨ੍ਹਾਂ ਨੇ 4ਜੀ ਵਾਇਰਲੈੱਸ ਨੈੱਟਵਰਕ ਬਣਾਉਣ ਲਈ ਅਗਲੇ ਸੱਤ ਸਾਲਾਂ ’ਚ 2.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ। ਇਸ ਨਾਲ ਅਨਿਲ ਦੀ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਸਮੇਤ ਕਈ ਕੰਪਨੀਆਂ ਮੁਕਾਬਲੇ ਤੋਂ ਬਾਹਰ ਹੋ ਗਈਆਂ। 

ਮਨੋਰੰਜਨ ਕਾਰੋਬਾਰ ’ਚ ਵੀ ਅਨਿਲ ਦਾ ਉੱਦਮ ਸਫਲ ਨਹੀਂ ਹੋਇਆ, 2005 ’ਚ ਐਡਲੈਬਸ ਅਤੇ 2008 ’ਚ ਡ੍ਰੀਮਵਰਕਸ ਨਾਲ 1.2 ਅਰਬ ਦੇ ਸੌਦੇ ਹੋਏ। ਸਾਲ 2014 ’ਚ ਉਨ੍ਹਾਂ ਦੀਆਂ ਬਿਜਲੀ ਅਤੇ ਬੁਨਿਆਦੀ ਢਾਂਚਾ ਕੰਪਨੀਆਂ ਭਾਰੀ ਕਰਜ਼ੇ ’ਚ ਡੁੱਬ ਗਈਆਂ ਸਨ। ਅਨਿਲ ਨੇ ਅਪਣੀਆਂ ਕੁੱਝ ਕੰਪਨੀਆਂ ’ਤੇ ਕਰਜ਼ੇ ਬਾਰੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਜਾਇਦਾਦਾਂ ਵੇਚੀਆਂ। ਉਨ੍ਹਾਂ ਨੇ ਬਿਗ ਸਿਨੇਮਾ, ਰਿਲਾਇੰਸ, ਬਿਗ ਬ੍ਰਾਡਕਾਸਟਿੰਗ ਅਤੇ ਬਿਗ ਮੈਜਿਕ ਵਰਗੀਆਂ ਕੰਪਨੀਆਂ ਵੇਚੀਆਂ। ਦੇਸ਼ ’ਚ ਦੂਰਸੰਚਾਰ ਕ੍ਰਾਂਤੀ ਲਿਆਉਣ ਵਾਲੀ ਆਰਕਾਮ ਨੂੰ ਕਰਜ਼ਾ ਚੁਕਾਉਣ ਲਈ ਦਿਵਾਲੀਆ ਕਾਰਵਾਈ ਦਾ ਸਾਹਮਣਾ ਕਰਨਾ ਪਿਆ। 

ਉਨ੍ਹਾਂ ਨੂੰ ਰੱਖਿਆ ਨਿਰਮਾਣ ਦੇ ਖੇਤਰ ’ਚ ਵੀ ਸਫਲਤਾ ਨਹੀਂ ਮਿਲੀ। ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਵਲੋਂ ਐਰਿਕਸਨ ਏਬੀ ਦੀ ਭਾਰਤੀ ਬ੍ਰਾਂਚ ਨੂੰ 550 ਕਰੋੜ ਰੁਪਏ ਦਾ ਭੁਗਤਾਨ ਕਰਨ ’ਚ ਅਸਫਲ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਨੇ ਅਨਿਲ ਅੰਬਾਨੀ ਨੂੰ ਜੇਲ੍ਹ ਭੇਜ ਦੇਣ ਦੀ ਗੱਲ ਕਹੀ ਸੀ। ਅਦਾਲਤ ਨੇ ਉਨ੍ਹਾਂ ਨੂੰ ਪੈਸੇ ਅਦਾ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ। ਉਸ ਸਮੇਂ ਮੁਕੇਸ਼ ਅੰਬਾਨੀ ਅਪਣੇ ਭਰਾ ਦੀ ਮਦਦ ਲਈ ਅੱਗੇ ਆਏ ਸਨ। 

ਇੰਨਾ ਹੀ ਨਹੀਂ, ਚੀਨ ਦੇ ਤਿੰਨ ਬੈਂਕਾਂ ਨੇ 2019 ’ਚ 68 ਕਰੋੜ ਡਾਲਰ ਦੇ ਕਰਜ਼ੇ ਦੀ ਡਿਫਾਲਟ ’ਤੇ ਅਨਿਲ ਅੰਬਾਨੀ ਨੂੰ ਲੰਡਨ ਦੀ ਅਦਾਲਤ ’ਚ ਘਸੀਟਿਆ। ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ ਲਿਮਟਿਡ ਸਾਲ 2012 ’ਚ ਚਾਈਨਾ ਡਿਵੈਲਪਮੈਂਟ ਬੈਂਕ ਅਤੇ ਐਕਸਪੋਰਟ-ਇੰਪੋਰਟ ਬੈਂਕ ਆਫ ਚਾਈਨਾ ਨੇ ਉਨ੍ਹਾਂ ਦੀ ਗਰੁੱਪ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਨੂੰ 92.5 ਕਰੋੜ ਡਾਲਰ ਦਾ ਕਰਜ਼ਾ ਇਸ ਸ਼ਰਤ ’ਤੇ ਦੇਣ ’ਤੇ ਸਹਿਮਤੀ ਜਤਾਈ ਸੀ ਕਿ ਉਹ ਨਿੱਜੀ ਗਾਰੰਟੀ ਦੇਣਗੇ। ਆਰਕਾਮ ਦੇ ਕਰਜ਼ੇ ਨਾ ਮੋੜਨ ਤੋਂ ਬਾਅਦ ਤਿੰਨਾਂ ਬੈਂਕਾਂ ਨੇ ਅੰਬਾਨੀ ’ਤੇ ਮੁਕੱਦਮਾ ਦਾਇਰ ਕੀਤਾ ਸੀ। ਅਨਿਲ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਸਿਰਫ ਇਕ ਗੈਰ-ਬੰਧਨਕਾਰੀ ਚਿੱਠੀ ਦੇਣ ਲਈ ਸਹਿਮਤ ਹੋਏ ਹਨ। ਉਨ੍ਹਾਂ ਨੇ ਕਦੇ ਵੀ ਅਪਣੀ ਨਿੱਜੀ ਜਾਇਦਾਦ ਨਾਲ ਜੁੜੀਆਂ ਗਰੰਟੀਆਂ ਨਹੀਂ ਦਿਤੀਆਂ। ਇਹ ਮਾਮਲਾ ਅਜੇ ਵੀ ਅਦਾਲਤ ’ਚ ਹੈ। ਰਿਲਾਇੰਸ ਕੈਪੀਟਲ ਨੇ 24,000 ਕਰੋੜ ਰੁਪਏ ਦੇ ਬਾਂਡ ਮਾਮਲੇ ’ਚ ਡਿਫਾਲਟ ਹੋਣ ਤੋਂ ਬਾਅਦ 2021 ’ਚ ਦੀਵਾਲੀਆ ਪ੍ਰਕਿਰਿਆ ਲਈ ਅਰਜ਼ੀ ਦਾਇਰ ਕੀਤੀ ਸੀ। 

ਰਿਲਾਇੰਸ ਇੰਫਰਾਸਟ੍ਰਕਚਰ ਦੇ ਸ਼ੇਅਰਾਂ ’ਚ 20 ਫੀ ਸਦੀ ਦੀ ਗਿਰਾਵਟ 

ਨਵੀਂ ਦਿੱਲੀ: ਰਿਲਾਇੰਸ ਇੰਫਰਾਸਟ੍ਰਕਚਰ ਦੇ ਸ਼ੇਅਰਾਂ ’ਚ ਬੁਧਵਾਰ ਨੂੰ 20 ਫੀ ਸਦੀ ਦੀ ਗਿਰਾਵਟ ਆਈ। ਸੁਪਰੀਮ ਕੋਰਟ ਵਲੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੂੰ ਰਾਹਤ ਦਿਤੇ ਜਾਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਗਿਰਾਵਟ ਆਈ। ਕੰਪਨੀ ਦਾ ਸ਼ੇਅਰ ਬੀ.ਐਸ.ਈ. ’ਤੇ 19.99 ਫ਼ੀ ਸਦੀ ਦੀ ਗਿਰਾਵਟ ਨਾਲ 227.40 ਰੁਪਏ ’ਤੇ ਬੰਦ ਹੋਇਆ। ਇਹ ਇਸ ਦਾ ਹੇਠਲਾ ਸਰਕਟ ਪੱਧਰ ਹੈ। ਨੈਸ਼ਨਲ ਸਟਾਕ ਐਕਸਚੇਂਜ ’ਤੇ ਇਹ 20 ਫੀ ਸਦੀ ਡਿੱਗ ਕੇ 227.60 ਰੁਪਏ ’ਤੇ ਆ ਗਿਆ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 2,250.02 ਕਰੋੜ ਰੁਪਏ ਘਟ ਕੇ 9,008.02 ਕਰੋੜ ਰੁਪਏ ਰਹਿ ਗਿਆ।