ਭਾਰਤ ਤੋਂ 15,000 ਲੋਕਾਂ ਦੀ ਭਰਤੀ ਕਰਨ ਦਾ ਇੱਛੁਕ ਇਜ਼ਰਾਈਲ, ਕੀਤਾ ਸੰਪਰਕ
ਉਸਾਰੀ ਕਾਮਿਆਂ ਲਈ ਭਰਤੀ ਮੁਹਿੰਮ ਦਾ ਦੂਜਾ ਦੌਰ ਮਹਾਰਾਸ਼ਟਰ ’ਚ ਚਲਾਇਆ ਜਾਵੇਗਾ।
ਨਵੀਂ ਦਿੱਲੀ, 10 ਸਤੰਬਰ: ਇਜ਼ਰਾਈਲ ਨੇ ਬੁਨਿਆਦੀ ਢਾਂਚੇ ਅਤੇ ਸਿਹਤ ਖੇਤਰਾਂ ’ਚ ਹੁਨਰ ਦੇ ਪਾੜੇ ਨੂੰ ਪੂਰਾ ਕਰਨ ਲਈ 10,000 ਉਸਾਰੀ ਕਾਮਿਆਂ ਅਤੇ 5,000 ਸਿਹਤ ਸੰਭਾਲ ਮੁਲਾਜ਼ਮਾਂ ਦੀ ਭਰਤੀ ਦੀ ਮੁਹਿੰਮ ਸ਼ੁਰੂ ਕਰਨ ਦੇ ਇਰਾਦੇ ਨਾਲ ਭਾਰਤ ਨਾਲ ਸੰਪਰਕ ਕੀਤਾ ਹੈ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਜ਼ਰਾਈਲ ਦੀ ਨਵੀਂ ਬੇਨਤੀ ਇਸ ਸਾਲ ਦੀ ਸ਼ੁਰੂਆਤ ਵਿਚ ਕੀਤੀ ਗਈ ਇਸੇ ਤਰ੍ਹਾਂ ਦੀ ਭਰਤੀ ਬੇਨਤੀ ਤੋਂ ਬਾਅਦ ਕੀਤੀ ਗਈ ਹੈ।
ਐਨ.ਐਸ.ਡੀ.ਸੀ. ਦਾ ਇਹ ਬਿਆਨ ਇਕ ਮੀਡੀਆ ਰੀਪੋਰਟ ਤੋਂ ਪਹਿਲਾਂ ਆਇਆ ਹੈ ਜਿਸ ’ਚ ਦੋ-ਪੱਖੀ ਨੌਕਰੀ ਯੋਜਨਾ ਤਹਿਤ ਗਲਤ ਚੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਰੀਪੋਰਟ ਮੁਤਾਬਕ ਭਾਰਤੀ ਕਾਮਿਆਂ ਨੂੰ ਨਿਰਮਾਣ ਖੇਤਰ ’ਚ ਕੰਮ ਕਰਨ ਲਈ ਇਜ਼ਰਾਈਲ ਲਿਜਾਇਆ ਜਾਵੇਗਾ। ਇਹ 100,000 ਤੋਂ ਵੱਧ ਫਲਸਤੀਨੀ ਕਾਮਿਆਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਆਇਆ ਹੈ।
ਮੀਡੀਆ ਰੀਪੋਰਟ ਵਿਚ ਇਜ਼ਰਾਈਲੀ ਦੂਤਘਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੋਹਾਂ ਰਸਤਿਆਂ ਰਾਹੀਂ ਲਗਭਗ 5,000 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਨੇ ਸਰਕਾਰ ਤੋਂ ਸਰਕਾਰ (ਜੀ2ਜੀ) ਭਰਤੀਆਂ ਕੀਤੀਆਂ ਹਨ, ਜਦਕਿ ਵਿਦੇਸ਼ ਮੰਤਰਾਲੇ ਦੀ ਨਿਗਰਾਨੀ ਹੇਠ ਨਿੱਜੀ ਏਜੰਸੀਆਂ ਨੇ ਬਿਜ਼ਨਸ-ਟੂ-ਬਿਜ਼ਨਸ (ਬੀ2ਬੀ) ਭਰਤੀਆਂ ਕੀਤੀਆਂ ਹਨ।
ਐਨ.ਐਸ.ਡੀ.ਸੀ. ਨੇ ਕਿਹਾ ਕਿ ਇਜ਼ਰਾਈਲ ਦੀ ਆਬਾਦੀ, ਇਮੀਗ੍ਰੇਸ਼ਨ ਅਤੇ ਕਸਟਮ ਅਥਾਰਟੀ (ਪੀ.ਆਈ.ਬੀ.ਏ.) ਨੇ ਉਸਾਰੀ ਦੀਆਂ ਨੌਕਰੀਆਂ ਦੀ ਬੇਨਤੀ ਕੀਤੀ ਹੈ। ਪੀ.ਆਈ.ਬੀ.ਏ. ਦੀ ਇਕ ਟੀਮ ਚੋਣ ਲਈ ਲੋੜੀਂਦੇ ਹੁਨਰ ਟੈਸਟ ਕਰਵਾਉਣ ਲਈ ਆਉਣ ਵਾਲੇ ਹਫ਼ਤੇ ’ਚ ਭਾਰਤ ਦਾ ਦੌਰਾ ਕਰੇਗੀ। ਐਨ.ਐਸ.ਡੀ.ਸੀ. ਨੇ ਕਿਹਾ ਕਿ ਇਜ਼ਰਾਈਲ ਜਾਣ ਵਾਲੇ ਉਸਾਰੀ ਕਾਮਿਆਂ ਲਈ ਭਰਤੀ ਮੁਹਿੰਮ ਦਾ ਦੂਜਾ ਦੌਰ ਮਹਾਰਾਸ਼ਟਰ ’ਚ ਚਲਾਇਆ ਜਾਵੇਗਾ।
ਇਜ਼ਰਾਈਲ ਨੂੰ ਅਪਣੀਆਂ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣ ਲਈ 5,000 ਸਿਹਤ ਸੰਭਾਲ ਕਰਮਚਾਰੀਆਂ ਦੀ ਵੀ ਲੋੜ ਹੈ। ਕਿਸੇ ਮਾਨਤਾ ਪ੍ਰਾਪਤ ਭਾਰਤੀ ਸੰਸਥਾ ਤੋਂ ਸਰਟੀਫਿਕੇਟ ਅਤੇ 10ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਘੱਟੋ ਘੱਟ 990 ਘੰਟਿਆਂ ਦੀ ਦੇਖਭਾਲ ਦਾ ਤਜਰਬਾ ਰੱਖਣ ਵਾਲੇ ਵਿਅਕਤੀ ਅਰਜ਼ੀ ਦੇ ਸਕਦੇ ਹਨ।
ਇਜ਼ਰਾਈਲ ਲਈ ਉਸਾਰੀ ਕਾਮਿਆਂ ਦੀ ਭਰਤੀ ਦੇ ਪਹਿਲੇ ਗੇੜ ’ਚ, ਕੁਲ 16,832 ਉਮੀਦਵਾਰ ਹੁਨਰ ਟੈਸਟ ’ਚ ਸ਼ਾਮਲ ਹੋਏ ਸਨ, ਜਿਨ੍ਹਾਂ ’ਚੋਂ 10,349 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ। ਚੁਣੇ ਗਏ ਉਮੀਦਵਾਰਾਂ ਨੂੰ 1.92 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ, ਮੈਡੀਕਲ ਬੀਮਾ, ਭੋਜਨ ਅਤੇ ਰਿਹਾਇਸ਼ ਮਿਲੇਗੀ। ਇਨ੍ਹਾਂ ਉਮੀਦਵਾਰਾਂ ਨੂੰ 16,515 ਰੁਪਏ ਪ੍ਰਤੀ ਮਹੀਨਾ ਬੋਨਸ ਵੀ ਦਿਤਾ ਜਾਂਦਾ ਹੈ।
ਪਿਛਲੇ ਸਾਲ ਨਵੰਬਰ ’ਚ ਦੋਹਾਂ ਸਰਕਾਰਾਂ ਦਰਮਿਆਨ ਇਕ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ, ਕੌਮੀ ਹੁਨਰ ਵਿਕਾਸ ਨਿਗਮ ਨੇ ਭਰਤੀ ਲਈ ਸਾਰੇ ਸੂਬਿਆਂ ਨਾਲ ਸੰਪਰਕ ਕੀਤਾ ਸੀ। ਭਰਤੀ ਮੁਹਿੰਮ ਦਾ ਪਹਿਲਾ ਗੇੜ ਉੱਤਰ ਪ੍ਰਦੇਸ਼, ਹਰਿਆਣਾ ਅਤੇ ਤੇਲੰਗਾਨਾ ’ਚ ਕੀਤਾ ਗਿਆ ਸੀ।