Rupee vs Dollar Price: ਰੁਪਏ ਦੀ ਕੀਮਤ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ, ਜਾਣੋ ਅੱਜ ਦਾ ਬਾਜ਼ਾਰ ਖ਼ਬਰਸਾਰ
ਚਾਰ ਪੈਸੇ ਡਿੱਗ ਕੇ 83.33 ਪ੍ਰਤੀ ਡਾਲਰ ’ਤੇ ਆ ਗਿਆ ਰੁਪਿਆ
Rupee vs Dollar Price: ਰੁਪਿਆ ਸ਼ੁਕਰਵਾਰ ਨੂੰ ਅੰਤਰਬੈਂਕ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਡਿੱਗ ਕੇ 83.33 ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਕੱਚੇ ਤੇਲ ਦੀਆਂ ਕੀਮਤਾਂ ’ਚ ਮਜ਼ਬੂਤੀ ਦੇ ਰੁਝਾਨ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵਲੋਂ ਬਾਜ਼ਾਰ ’ਚੋਂ ਲਗਾਤਾਰ ਪੂੰਜੀ ਦੀ ਨਿਕਾਸੀ ਦੌਰਾਨ ਰੁਪਏ ਦੀ ਵਟਾਂਦਰਾ ਦਰ ’ਚ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਡਾਲਰ ਕਮਜ਼ੋਰ ਹੋਣ ਅਤੇ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਦੇ ਵਿਚਕਾਰ ਨਿਵੇਸ਼ਕ ਘਰੇਲੂ ਮੋਰਚੇ ’ਤੇ ਉਦਯੋਗਿਕ ਉਤਪਾਦਨ ਅਤੇ ਮਹਿੰਗਾਈ ਦੇ ਅੰਕੜਿਆਂ ਦੀ ਉਡੀਕ ਕਰ ਰਹੇ ਹਨ। ਵੀਰਵਾਰ ਨੂੰ ਰੁਪਿਆ 83.29 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ।
ਵਿਸ਼ਵ ਤੇਲ ਮਾਨਕ ਬ੍ਰੈਂਟ ਕਰੂਡ ਫਿਊਚਰਜ਼ 0.81 ਫੀਸਦੀ ਵਧ ਕੇ 80.66 ਡਾਲਰ ਪ੍ਰਤੀ ਬੈਰਲ ਹੋ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 72.48 ਅੰਕਾਂ ਦੇ ਵਾਧੇ ਨਾਲ 64,904.68 ’ਤੇ ਬੰਦ ਹੋਇਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ ’ਚ ਸ਼ੁੱਧ ਵਿਕਰੀਕਰਤਾ ਰਹੇ ਅਤੇ ਵੀਰਵਾਰ ਨੂੰ 1,712.33 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨਿਰਮਾਣ, ਖਣਨ ਖੇਤਰਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਸਤੰਬਰ ’ਚ ਉਦਯੋਗਿਕ ਉਤਪਾਦਨ ’ਚ 5.8 ਫੀ ਸਦੀ ਦਾ ਵਾਧਾ
ਨਵੀਂ ਦਿੱਲੀ: ਨਿਰਮਾਣ ਅਤੇ ਖਣਨ ਖੇਤਰਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਸਤੰਬਰ 2023 ਵਿਚ ਦੇਸ਼ ਦੇ ਉਦਯੋਗਿਕ ਉਤਪਾਦਨ ਦੀ ਵਿਕਾਸ ਦਰ 5.8 ਫੀ ਸਦੀ ਰਹੀ। ਉਦਯੋਗਿਕ ਉਤਪਾਦਨ ਦੇ ਸੂਚਕ ਅੰਕ (ਆਈ.ਆਈ.ਪੀ.) ’ਤੇ ਆਧਾਰਿਤ ਉਦਯੋਗਿਕ ਉਤਪਾਦਨ ਅਗਸਤ 2023 ਵਿਚ ਪਿਛਲੇ ਮਹੀਨੇ 10.3 ਫੀ ਸਦੀ ਅਤੇ ਇਕ ਸਾਲ ਪਹਿਲਾਂ ਸਤੰਬਰ 2022 ਵਿਚ 3.3 ਫੀ ਸਦੀ ਵਧਿਆ ਸੀ। ਮਤਲਬ ਕਿ ਮਹੀਨਾਵਾਰ ਆਧਾਰ ’ਤੇ ਗਿਰਾਵਟ ਆਈ ਹੈ ਪਰ ਸਾਲਾਨਾ ਆਧਾਰ ’ਤੇ ਚੰਗਾ ਵਾਧਾ ਹੋਇਆ ਹੈ। ਨਿਰਮਾਣ ਅਤੇ ਖਣਨ ਖੇਤਰਾਂ ਵਿਚ ਸਾਲਾਨਾ ਆਧਾਰ ’ਤੇ ਉਤਪਾਦਨ ਵਿਚ ਸੁਧਾਰ ਵੇਖਿਆ ਗਿਆ। ਸ਼ੁਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ।
ਅਪ੍ਰੈਲ-ਸਤੰਬਰ 2023 ਦੌਰਾਨ ਆਈ.ਆਈ.ਪੀ. ਛੇ ਫੀ ਸਦੀ ਵਧੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਇਹ ਅੰਕੜਾ 7.1 ਫੀ ਸਦੀ ਸੀ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੇ ਅੰਕੜਿਆਂ ਅਨੁਸਾਰ, ਸਤੰਬਰ 2023 ’ਚ ਨਿਰਮਾਣ ਖੇਤਰ ਦਾ ਉਤਪਾਦਨ 4.5 ਫ਼ੀ ਸਦੀ ਵਧਿਆ, ਜਦਕਿ ਇਕ ਸਾਲ ਪਹਿਲਾਂ ਦੋ ਪ੍ਰਤੀਸ਼ਤ ਵਾਧਾ ਹੋਇਆ ਸੀ। ਸਮੀਖਿਆ ਅਧੀਨ ਮਹੀਨੇ ’ਚ ਖਣਨ ਉਤਪਾਦਨ ’ਚ 11.5 ਫੀਸਦੀ ਅਤੇ ਬਿਜਲੀ ਉਤਪਾਦਨ ’ਚ 9.9 ਫੀਸਦੀ ਦਾ ਵਾਧਾ ਹੋਇਆ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਇਹ ਅੰਕੜੇ ਕ੍ਰਮਵਾਰ 5.2 ਫੀ ਸਦੀ ਅਤੇ 11.4 ਫੀਸਦੀ ਸਨ।
ਪੂੰਜੀਗਤ ਵਸਤੂਆਂ ਦੇ ਹਿੱਸੇ ’ਚ ਇਸ ਸਾਲ ਸਤੰਬਰ ’ਚ 7.4 ਫ਼ੀ ਸਦੀ ਦੀ ਦਰ ਨਾਲ ਵਾਧਾ ਹੋਇਆ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 11.4 ਫ਼ੀ ਸਦੀ ਸੀ। ਸਮੀਖਿਆ ਅਧੀਨ ਮਹੀਨੇ 'ਚ ਖਪਤਕਾਰ ਟਿਕਾਊ ਵਸਤਾਂ ਦਾ ਉਤਪਾਦਨ ਇਕ ਫੀਸਦੀ ਵਧਿਆ ਹੈ। ਖਪਤਕਾਰ ਗੈਰ-ਟਿਕਾਊ ਵਸਤਾਂ ਦਾ ਉਤਪਾਦਨ 2.7 ਫੀ ਸਦੀ ਵਧਿਆ ਹੈ। ਬੁਨਿਆਦੀ ਢਾਂਚਾ/ਨਿਰਮਾਣ ਵਸਤਾਂ ’ਚ 7.5 ਫੀਸਦੀ ਵਾਧਾ ਦਰਜ ਕੀਤਾ ਗਿਆ। ਮੁੱਢਲੀਆਂ ਵਸਤਾਂ ਦੇ ਉਤਪਾਦਨ ’ਚ ਅੱਠ ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਵਿਚਕਾਰਲੇ ਵਸਤੂਆਂ ਦਾ ਉਤਪਾਦਨ ਸਤੰਬਰ ’ਚ ਵਧ ਕੇ 5.8 ਫ਼ੀ ਸਦੀ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1.7 ਫ਼ੀ ਸਦੀ ਸੀ।
ਐਨ.ਆਈ.ਸੀ. ਦਾ ਸ਼ੁੱਧ ਮੁਨਾਫਾ ਦੂਜੀ ਤਿਮਾਹੀ ’ਚ 50 ਫੀ ਸਦੀ ਹੇਠਾਂ ਆਇਆ
ਨਵੀਂ ਦਿੱਲੀ: ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦਾ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ 50 ਫੀ ਸਦੀ ਘੱਟ ਕੇ 7,925 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦਾ ਸ਼ੁੱਧ ਲਾਭ 15,952 ਕਰੋੜ ਰੁਪਏ ਰਿਹਾ ਸੀ। ਐਲ.ਆਈ.ਸੀ. ਨੇ ਸਟਾਕ ਮਾਰਕੀਟ ਨੂੰ ਸੂਚਿਤ ਕੀਤਾ ਕਿ ਉਸ ਦੀ ਸ਼ੁੱਧ ਪ੍ਰੀਮੀਅਮ ਆਮਦਨ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਘਟ ਕੇ 1,07,397 ਕਰੋੜ ਰੁਪਏ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 1,32,631.72 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਕੰਪਨੀ ਦੀ ਕੁੱਲ ਆਮਦਨ ਘਟ ਕੇ 2,01,587 ਕਰੋੜ ਰੁਪਏ ਰਹਿ ਗਈ, ਜੋ ਸਤੰਬਰ 2022 ਦੀ ਤਿਮਾਹੀ ’ਚ 2,22,215 ਕਰੋੜ ਰੁਪਏ ਸੀ।