Electricity Consumption: ਅਪ੍ਰੈਲ-ਨਵੰਬਰ 'ਚ ਦੇਸ਼ ਦੀ ਬਿਜਲੀ ਦੀ ਖਪਤ ਕਰੀਬ ਨੌਂ ਫ਼ੀਸਦੀ ਵਧੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਤੋਂ ਪਹਿਲਾਂ 2021-22 ਦੀ ਇਸੇ ਮਿਆਦ 'ਚ ਇਹ ਅੰਕੜਾ 916.52 ਅਰਬ ਯੂਨਿਟ ਸੀ।

India's power consumption grows nearly 9% to 1,099.90 billion units in April-November

Electricity Consumption:  ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿਚ ਬਿਜਲੀ ਦੀ ਖਪਤ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 9 ਫ਼ੀਸਦੀ ਵਧ ਕੇ 1,099.90 ਅਰਬ ਯੂਨਿਟ ਹੋ ਗਈ, ਜੋ ਆਰਥਿਕ ਗਤੀਵਿਧੀਆਂ ਵਿਚ ਵਾਧੇ ਨੂੰ ਦਰਸਾਉਂਦੀ ਹੈ। ਅਪ੍ਰੈਲ-ਨਵੰਬਰ 2022-23 ਵਿਚ, ਦੇਸ਼ ਵਿਚ ਬਿਜਲੀ ਦੀ ਖਪਤ 1,010.20 ਬਿਲੀਅਨ ਯੂਨਿਟ ਸੀ। ਇਸ ਤੋਂ ਪਹਿਲਾਂ 2021-22 ਦੀ ਇਸੇ ਮਿਆਦ 'ਚ ਇਹ ਅੰਕੜਾ 916.52 ਅਰਬ ਯੂਨਿਟ ਸੀ।

ਵਿੱਤੀ ਸਾਲ 2022-23 ਦੀ ਪੂਰੀ ਮਿਆਦ ਲਈ ਬਿਜਲੀ ਦੀ ਖਪਤ 1,504.26 ਬਿਲੀਅਨ ਯੂਨਿਟ ਸੀ, ਜੋ ਕਿ ਵਿੱਤੀ ਸਾਲ 2021-22 ਵਿਚ 1,374.02 ਬਿਲੀਅਨ ਯੂਨਿਟ ਸੀ। ਉਦਯੋਗ ਮਾਹਿਰਾਂ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿਚ ਬਿਜਲੀ ਦੀ ਖਪਤ ਵਿਚ ਕਰੀਬ ਨੌਂ ਫ਼ੀਸਦੀ ਵਾਧਾ ਅਰਥਵਿਵਸਥਾ ਵਿਚ ਉਛਾਲ ਨੂੰ ਦਰਸਾਉਂਦਾ ਹੈ।

ਬਿਜਲੀ ਮੰਤਰਾਲੇ ਦਾ ਅਨੁਮਾਨ ਹੈ ਕਿ ਗਰਮੀਆਂ ਦੌਰਾਨ ਦੇਸ਼ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 229 ਗੀਗਾਵਾਟ ਤੱਕ ਪਹੁੰਚ ਜਾਵੇਗੀ। ਪਰ ਬੇਮੌਸਮੀ ਬਾਰਸ਼ ਕਾਰਨ ਅਪ੍ਰੈਲ-ਜੁਲਾਈ ਵਿਚ ਮੰਗ ਉਮੀਦ ਅਨੁਸਾਰ ਨਹੀਂ ਪਹੁੰਚ ਸਕੀ। ਹਾਲਾਂਕਿ ਵੱਧ ਤੋਂ ਵੱਧ ਬਿਜਲੀ ਦੀ ਮੰਗ ਜੂਨ ਵਿਚ 224.1 ਗੀਗਾਵਾਟ ਦੇ ਨਵੇਂ ਸਿਖ਼ਰ 'ਤੇ ਪਹੁੰਚ ਗਈ ਸੀ, ਇਹ ਜੁਲਾਈ ਵਿਚ 209.03 ਗੀਗਾਵਾਟ ਤੱਕ ਡਿੱਗ ਗਈ ਸੀ। ਅਗਸਤ ਵਿਚ ਵੱਧ ਤੋਂ ਵੱਧ ਮੰਗ 238.82 ਗੀਗਾਵਾਟ ਤੱਕ ਪਹੁੰਚ ਗਈ।

ਇਸ ਸਾਲ ਸਤੰਬਰ 'ਚ ਇਹ 243.27 ਗੀਗਾਵਾਟ ਦੇ ਰਿਕਾਰਡ ਉੱਚ ਪੱਧਰ 'ਤੇ ਸੀ। ਪਰ ਅਕਤੂਬਰ ਵਿੱਚ ਵੱਧ ਤੋਂ ਵੱਧ ਮੰਗ 222.16 ਗੀਗਾਵਾਟ ਅਤੇ ਨਵੰਬਰ ਵਿਚ 204.86 ਗੀਗਾਵਾਟ ਸੀ। ਮਾਹਿਰਾਂ ਅਨੁਸਾਰ ਇਸ ਸਾਲ ਗਰਮੀਆਂ ਦੌਰਾਨ ਦੇਸ਼ ਦੇ ਕੁਝ ਹਿੱਸਿਆਂ ਵਿਚ ਚੰਗੀ ਬਾਰਿਸ਼ ਹੋਣ ਕਾਰਨ ਮਾਰਚ, ਅਪ੍ਰੈਲ, ਮਈ ਅਤੇ ਜੂਨ ਵਿਚ ਬਿਜਲੀ ਦੀ ਖਪਤ ਪ੍ਰਭਾਵਿਤ ਹੋਈ ਸੀ।

ਉਨ੍ਹਾਂ ਕਿਹਾ ਕਿ ਅਗਸਤ, ਸਤੰਬਰ ਅਤੇ ਅਕਤੂਬਰ ਵਿਚ ਨਮੀ ਅਤੇ ਤਿਉਹਾਰਾਂ ਦੀ ਮੰਗ ਕਾਰਨ ਉਦਯੋਗਿਕ ਗਤੀਵਿਧੀਆਂ ਵਧਣ ਕਾਰਨ ਬਿਜਲੀ ਦੀ ਖਪਤ ਵਿਚ ਵਾਧਾ ਹੋਇਆ ਹੈ। ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਹਾਲ ਹੀ ਵਿਚ ਲੋਕ ਸਭਾ ਵਿਚ ਇੱਕ ਲਿਖਤੀ ਜਵਾਬ ਵਿਚ ਦੱਸਿਆ ਕਿ ਵਿੱਤੀ ਸਾਲ 2013-14 ਤੋਂ 2022-23 ਤੱਕ ਬਿਜਲੀ ਦੀ ਮੰਗ ਵਿੱਚ 50.8 ਫ਼ੀਸਦੀ ਵਾਧਾ ਹੋਇਆ ਹੈ। 

ਉਨ੍ਹਾਂ ਕਿਹਾ ਕਿ ਬਿਜਲੀ ਦੀ ਸਭ ਤੋਂ ਵੱਧ ਮੰਗ 2013-14 ਵਿੱਚ 136 ਗੀਗਾਵਾਟ ਸੀ ਜੋ ਸਤੰਬਰ 2023 ਵਿੱਚ 243 ਗੀਗਾਵਾਟ ਤੱਕ ਪਹੁੰਚ ਗਈ। ਉਨ੍ਹਾਂ ਸਦਨ ਵਿਚ ਕਿਹਾ ਸੀ ਕਿ ਸਰਕਾਰ ਪਿਛਲੇ ਨੌਂ ਸਾਲਾਂ ਵਿਚ 194 ਗੀਗਾਵਾਟ ਬਿਜਲੀ ਸਮਰੱਥਾ ਨੂੰ ਜੋੜਨ ਵਿਚ ਸਫ਼ਲ ਰਹੀ ਹੈ। 

(For more news apart from Electricity consumption, stay tuned to Rozana Spokesman)