ਸਿਰਫ਼ 7.59 ਵਰਗ ਫੁੱਟ ਦਾ ਖੋਖਾ, ਚੜ੍ਹਿਆ 3.25 ਲੱਖ ਰੁਪਏ ਪ੍ਰਤੀ ਮਹੀਨੇ ਦੇ ਕਿਰਾਏ 'ਤੇ
10 ਖੋਖਿਆਂ ਤੋਂ ਨੋਇਡਾ ਅਥਾਰਿਟੀ ਕਰੇਗੀ ਕਰੋੜਾਂ ਰੁਪਏ ਦੀ ਸਾਲਾਨਾ ਕਮਾਈ
ਨੋਇਡਾ - ਉੱਤਰ ਪ੍ਰਦੇਸ਼ ਦੇ ਗੇਟਵੇ ਵਜੋਂ ਜਾਣੇ ਜਾਂਦੇ ਨੋਇਡਾ ਵਿੱਚ ਪਾਨ ਦੇ ਖੋਖੇ ਵੀ ਲੱਖਾਂ ਰੁਪਿਆਂ ਦੇ ਮਹੀਨਾਵਾਰ ਕਿਰਾਏ 'ਤੇ ਚੜ੍ਹੇ ਹਨ। ਇਸ ਨਾਲ ਦਿੱਲੀ ਦੇ ਨਾਲ ਲੱਗਦੇ ਇਸ ਖੇਤਰ ਵਿੱਚ ਵਪਾਰਕ ਜਾਇਦਾਦ ਦੀ ਵੱਡੀ ਮੰਗ ਦਾ ਪ੍ਰਗਟਾਵਾ ਹੋਇਆ ਹੈ।
ਨੋਇਡਾ ਅਥਾਰਟੀ ਦੇ ਵਿਸ਼ੇਸ਼ ਅਧਿਕਾਰੀ ਕੁਮਾਰ ਸੰਜੇ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਹਿਰ ਦੇ ਸੈਕਟਰ-18 'ਚ ਕਿਰਾਏ 'ਤੇ ਕਿਓਸਕ (ਖੋਖਾ) ਦੀ ਨਿਲਾਮੀ ਕੀਤੀ ਗਈ। ਸਭ ਤੋਂ ਵੱਧ ਬੋਲੀ 3.25 ਲੱਖ ਰੁਪਏ ਦੇ ਮਹੀਨਾਵਾਰ ਕਿਰਾਏ ਲਈ ਲਗਾਈ ਗਈ। ਇਹ ਬੋਲੀ ਸੈਕਟਰ-18 ਵਿੱਚ ਬੀੜੀ-ਸਿਗਰੇਟ ਵੇਚਣ ਵਾਲੇ ਇੱਕ ਦੁਕਾਨਦਾਰ ਨੇ ਲਗਾਈ ਹੈ। ਇਸ ਕਿਓਸਕ ਦਾ ਖੇਤਰਫਲ ਸਿਰਫ਼ 7.59 ਵਰਗ ਫੁੱਟ ਹੈ।
ਉਨ੍ਹਾਂ ਦੱਸਿਆ ਕਿ ਅਥਾਰਟੀ ਨੇ ਰਿਜ਼ਰਵ ਕਿਰਾਇਆ 27,000 ਰੁਪਏ ਪ੍ਰਤੀ ਮਹੀਨਾ ਤੈਅ ਕੀਤਾ ਸੀ। ਇਸ ਤੋਂ ਉੱਪਰ ਬੋਲੀ ਲੱਗਣੀ ਸੀ। ਇਸ ਸਕੀਮ ਵਿੱਚ 10 ਖੋਖਿਆਂ ਦੀ ਨਿਲਾਮੀ ਕੀਤੀ ਜਾਣੀ ਸੀ। ਮੰਗਲਵਾਰ ਨੂੰ ਸੱਤ ਖੋਖਿਆਂ 'ਤੇ ਬੋਲੀ ਲੱਗੀ।
ਉਨ੍ਹਾਂ ਦੱਸਿਆ ਕਿ ਜਿਸ ਖੋਖੇ ਲਈ 3.25 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਦੀ ਬੋਲੀ ਲੱਗੀ, ਉਸ ਨੂੰ ਹਾਸਲ ਕਰਨ ਲਈ 20 ਲੋਕ ਮੈਦਾਨ ਵਿੱਚ ਸਨ। ਸੈਕਟਰ-18 ਵਿੱਚ ਬੀੜੀ-ਸਿਗਰੇਟ ਵੇਚਣ ਵਾਲੇ ਇੱਕ ਛੋਟੇ ਜਿਹੇ ਦੁਕਾਨਦਾਰ ਸੋਨੂੰ ਕੁਮਾਰ ਝਾਅ ਨੇ ਸਭ ਤੋਂ ਵੱਧ 3.5 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਦੀ ਬੋਲੀ ਲਾ ਕੇ ਇਹ ਖੋਖਾ ਹਾਸਲ ਕੀਤਾ ਹੈ। ਹੁਣ ਉਨ੍ਹਾਂ ਨੂੰ 14 ਮਹੀਨਿਆਂ ਦਾ ਐਡਵਾਂਸ ਕਿਰਾਇਆ ਅਦਾ ਕਰਕੇ ਅਗਲੇ 10 ਦਿਨਾਂ ਵਿੱਚ ਅਲਾਟਮੈਂਟ ਪੱਤਰ ਪ੍ਰਾਪਤ ਕਰਨਾ ਹੋਵੇਗਾ।
ਸੈਕਟਰ-18 ਵਿੱਚ ਹੀ ਸੁਮਿਤ ਅਵਾਨਾ ਅਤੇ ਸਿੱਧੇਸ਼ਵਰ ਨਾਥ ਪਾਂਡੇ ਨਾਮਕ ਦੋ ਬਿਨੈਕਾਰਾਂ ਨੇ 1.90 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਦੀ ਬੋਲੀ ਲਗਾ ਕੇ ਖੋਖੇ ਲਏ ਹਨ। ਵਿਨੋਦ ਪ੍ਰਸਾਦ ਯਾਦਵ ਨਾਂ ਦੇ ਵਿਅਕਤੀ ਨੇ 1.03 ਲੱਖ ਪ੍ਰਤੀ ਮਹੀਨੇ ਦੇ ਕਿਰਾਏ 'ਤੇ ਖੋਖਾ ਲਿਆ ਹੈ। ਪ੍ਰਿਅੰਕਾ ਗੁਪਤਾ ਨੂੰ ਇੱਥੇ 69 ਹਜ਼ਾਰ ਰੁਪਏ ਵਿੱਚ, ਸ਼ਿਵਾਂਗੀ ਸ਼ਰਮਾ ਪੋਰਵਾਲ ਨੇ 70 ਹਜ਼ਾਰ ਰੁਪਏ ਵਿੱਚ ਅਤੇ ਇੱਕ ਹੋਰ ਬਿਨੈਕਾਰ ਅਜੇ ਕੁਮਾਰ ਯਾਦਵ ਨੂੰ 1.80 ਲੱਖ ਰੁਪਏ ਪ੍ਰਤੀ ਮਹੀਨਾ ਵਿੱਚ ਖੋਖੇ ਹਾਸਲ ਕੀਤੇ ਹਨ।
ਨੋਇਡਾ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਕਿਓਸਕਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਅਥਾਰਟੀ ਨੇ ਸਿਰਫ 27,000 ਰੁਪਏ ਦੇ ਮਹੀਨਾਵਾਰ ਕਿਰਾਏ ਨਾਲ ਬੋਲੀ ਸ਼ੁਰੂ ਕੀਤੀ ਸੀ।
ਇਨ੍ਹਾਂ ਖੋਖਿਆਂ ਲਈ 20 ਜਨਵਰੀ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ। ਅਥਾਰਟੀ ਨੂੰ ਇਨ੍ਹਾਂ ਤੋਂ 1.24 ਕਰੋੜ ਰੁਪਏ ਦਾ ਸਾਲਾਨਾ ਕਿਰਾਇਆ ਹਾਸਲ ਹੋਵੇਗਾ। ਅਥਾਰਟੀ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਯੋਜਨਾ ਤਹਿਤ 10 ਕਿਓਸਕਾਂ ਦੀ ਨਿਲਾਮੀ ਕੀਤੀ ਜਾਣੀ ਸੀ। ਮੰਗਲਵਾਰ ਨੂੰ ਸਿਰਫ ਸੱਤ ਦੀ ਬੋਲੀ ਹੋਈ ਹੈ। ਨਿਲਾਮੀ ਲਈ ਹਰੇਕ ਕਿਓਸਕ ਲਈ ਘੱਟੋ-ਘੱਟ ਤਿੰਨ ਬਿਨੈਕਾਰਾਂ ਦੀ ਲੋੜ ਹੁੰਦੀ ਹੈ। ਤਿੰਨ ਖੋਖਿਆਂ ਦੇ 3-3 ਬਿਨੈਕਾਰ ਨਹੀਂ ਮਿਲੇ।