ਹਾੜ੍ਹੀ ਮੰਡੀਕਰਨ ਸੀਜ਼ਨ 2025-26 ’ਚ ਸਰਕਾਰ 30 ਮਿਲੀਅਨ ਟਨ ਕਣਕ ਦੀ ਖ਼ਰੀਦ ਕਰੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

2024-25 ਦੇ ਹਾੜ੍ਹੀ ਸੀਜ਼ਨ ਖ਼ਰੀਦ 11.5 ਕਰੋੜ ਟਨ ਕਣਕ ਦਾ ਰੀਕਾਰਡ ਉਤਪਾਦਨ ਹੋਣ ਦਾ ਅਨੁਮਾਨ

The government will purchase 30 million tonnes of wheat

ਨਵੀਂ ਦਿੱਲੀ: ਸਰਕਾਰ ਨੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2025-26 ਲਈ 3 ਕਰੋੜ ਟਨ ਕਣਕ ਦੀ ਖ਼ਰੀਦ ਦਾ ਟੀਚਾ ਰਖਿਆ ਹੈ। ਸੂਤਰਾਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਖੇਤੀਬਾੜੀ ਮੰਤਰਾਲੇ ਨੇ 2024-25 ਦੇ ਹਾੜੀ ਸੀਜ਼ਨ ’ਚ 11.5 ਕਰੋੜ ਟਨ ਕਣਕ ਦਾ ਰੀਕਾਰਡ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਹੈ।

ਇਸ ਹਿਸਾਬ ਨਾਲ ਸਰਕਾਰ ਦਾ ਕਣਕ ਦੀ ਖ਼ਰੀਦ ਦਾ ਟੀਚਾ ਬਹੁਤ ਘੱਟ ਹੈ। ਕਈ ਸੂਬਿਆਂ ’ਚ ਕਣਕ ਦੀ ਬਿਜਾਈ ਲਗਭਗ ਮੁਕੰਮਲ ਹੋ ਚੁਕੀ ਹੈ, ਜਿਸ ਦਾ ਅਨੁਮਾਨ 31.9 ਮਿਲੀਅਨ ਹੈਕਟੇਅਰ ਹੈ। ਕਣਕ ਦੀ ਮੌਜੂਦਾ ਫ਼ਸਲ ਅਨੁਕੂਲ ਸਥਿਤੀ ’ਚ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸੂਬਿਆਂ ਦੇ ਖ਼ੁਰਾਕ ਸਕੱਤਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2025-26 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਭਾਰਤੀ ਖ਼ੁਰਾਕ ਨਿਗਮ (ਐਫ਼.ਸੀ.ਆਈ.) ਅਤੇ ਸਰਕਾਰੀ ਏਜੰਸੀਆਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਅਤੇ ਭਲਾਈ ਸਕੀਮਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਦੀ ਖ਼ਰੀਦ ਕਰਦੀਆਂ ਹਨ।

ਵਿੱਤੀ ਸਾਲ 2024-25 ’ਚ ਸਰਕਾਰੀ ਕਣਕ ਦੀ ਖ਼ਰੀਦ 26.6 ਮਿਲੀਅਨ ਟਨ ਰਹੀ, ਜੋ 30-32 ਮਿਲੀਅਨ ਟਨ ਦੇ ਟੀਚੇ ਤੋਂ ਵੱਧ ਹੈ। ਇਹ 2023-24 ’ਚ ਖ਼ਰੀਦੀ ਗਈ 26.2 ਮਿਲੀਅਨ ਟਨ ਕਣਕ ਨਾਲੋਂ ਵੱਧ ਸੀ ਪਰ ਉਸ ਸਾਲ ਦੇ 34.1 ਮਿਲੀਅਨ ਟਨ ਦੇ ਟੀਚੇ ਤੋਂ ਘੱਟ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2022-23 ’ਚ ਕਣਕ ਦੀ ਸਰਕਾਰੀ ਖ਼ਰੀਦ ਸਿਰਫ਼ 1.88 ਕਰੋੜ ਟਨ ਰਹੀ ਸੀ, ਜੋ ਕਿ 4.44 ਕਰੋੜ ਟਨ ਦੇ ਟੀਚੇ ਤੋਂ ਕਾਫੀ ਘੱਟ ਹੈ।     (ਪੀਟੀਆਈ)