ਸਰਕਾਰ ਨੇ PayTM ਭੁਗਤਾਨ ਸੇਵਾਵਾਂ ’ਚ ਚੀਨ ਤੋਂ ਵਿਦੇਸ਼ ਨਿਵੇਸ਼ ਦੀ ਜਾਂਚ ਸ਼ੁਰੂ ਕੀਤੀ
PayTM ਦੀ ਮਾਲਕ ਕੰਪਨੀ ਵਨ97 ਕਮਿਊਨੀਕੇਸ਼ਨਜ਼ ਲਿਮਟਿਡ (ਓ.ਸੀ.ਐਲ.) ਚੀਨੀ ਫਰਮ ਐਂਟ ਗਰੁੱਪ ਕੰਪਨੀ ਦਾ ਨਿਵੇਸ਼ ਹੈ
ਨਵੀਂ ਦਿੱਲੀ: ਸਰਕਾਰ ਵਨ97 ਕਮਿਊਨੀਕੇਸ਼ਨਜ਼ ਲਿਮਟਿਡ ਦੀ ਸਹਾਇਕ ਕੰਪਨੀ ਪੇਟੀਐਮ ਪੇਮੈਂਟਸ ਸਰਵਿਸਿਜ਼ ਲਿਮਟਿਡ (ਪੀ.ਪੀ.ਐੱਸ.ਐੱਲ.) ’ਚ ਚੀਨ ਤੋਂ ਸਿੱਧੇ ਵਿਦੇਸ਼ੀ ਨਿਵੇਸ਼ ਦੀ ਜਾਂਚ ਕਰ ਰਹੀ ਹੈ। ਪੀ.ਪੀ.ਐਸ.ਐਲ. ਨੇ ਨਵੰਬਰ 2020 ’ਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਕੋਲ ਭੁਗਤਾਨ ਐਗਰੀਗੇਟਰ ਵਜੋਂ ਕੰਮ ਕਰਨ ਲਈ ਲਾਇਸੈਂਸ ਲਈ ਅਰਜ਼ੀ ਦਿਤੀ ਸੀ।
ਹਾਲਾਂਕਿ, ਆਰ.ਬੀ.ਆਈ. ਨੇ ਨਵੰਬਰ 2022 ’ਚ ਪੀ.ਪੀ.ਐਸ.ਐਲ. ਦੀ ਅਰਜ਼ੀ ਨੂੰ ਰੱਦ ਕਰ ਦਿਤਾ ਸੀ ਅਤੇ ਕੰਪਨੀ ਨੂੰ ਇਸ ਨੂੰ ਮੁੜ ਜਮ੍ਹਾਂ ਕਰਨ ਲਈ ਕਿਹਾ ਸੀ ਤਾਂ ਜੋ ਉਹ ਐਫ.ਡੀ.ਆਈ. ਨਿਯਮਾਂ ਤਹਿਤ ਪ੍ਰੈਸ ਨੋਟ 3 ਦੀ ਪਾਲਣਾ ਕਰ ਸਕੇ। ਵਨ97 ਕਮਿਊਨੀਕੇਸ਼ਨਜ਼ ਲਿਮਟਿਡ (ਓ.ਸੀ.ਐਲ.) ਚੀਨੀ ਫਰਮ ਐਂਟ ਗਰੁੱਪ ਕੰਪਨੀ ਦਾ ਨਿਵੇਸ਼ ਹੈ।
ਇਸ ਤੋਂ ਬਾਅਦ ਕੰਪਨੀ ਨੇ ਐਫ.ਡੀ.ਆਈ. ਹਦਾਇਤਾਂ ਤਹਿਤ ਨਿਰਧਾਰਤ ਪ੍ਰੈਸ ਨੋਟ 3 ਦੀ ਪਾਲਣਾ ਕਰਨ ਲਈ ਓ.ਸੀ.ਐਲ. ਤੋਂ ਕੰਪਨੀ ’ਚ ਪਿਛਲੇ ਨਿਵੇਸ਼ ਲਈ 14 ਦਸੰਬਰ 2022 ਨੂੰ ਭਾਰਤ ਸਰਕਾਰ ਕੋਲ ਲੋੜੀਂਦੀ ਅਰਜ਼ੀ ਦਾਇਰ ਕੀਤੀ। ਸੂਤਰਾਂ ਨੇ ਦਸਿਆ ਕਿ ਇਕ ਅੰਤਰ-ਮੰਤਰਾਲਾ ਪੈਨਲ ਪੀ.ਪੀ.ਐਸ.ਐਲ. ਵਿਚ ਚੀਨ ਤੋਂ ਨਿਵੇਸ਼ ਦੀ ਜਾਂਚ ਕਰ ਰਿਹਾ ਹੈ ਅਤੇ ਐਫ.ਡੀ.ਆਈ. ਮੁੱਦੇ ’ਤੇ ਫੈਸਲਾ ਸਹੀ ਵਿਚਾਰ ਅਤੇ ਪੂਰੀ ਜਾਂਚ ਤੋਂ ਬਾਅਦ ਲਿਆ ਜਾਵੇਗਾ।