ਅਮਰੀਕਾ ਤੋਂ ਦਰਾਮਦ ਸੇਬ, ਅਖਰੋਟ ਤੋਂ ਵਾਧੂ ਡਿਊਟੀ ਹਟਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ: ਉਮਰ
ਕਿਹਾ, ਜੇ ਜੰਮੂ-ਕਸ਼ਮੀਰ ਦੇ ਲੋਕਾਂ ਬਾਰੇ ਨਹੀਂ ਸੋਚਣਾ ਤਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਬਾਰੇ ਹੀ ਸੋਚ ਲਵੋ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕੇਂਦਰ ਤੋਂ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਸੇਬ, ਅਖਰੋਟ ਅਤੇ ਬਦਾਮ ’ਤੇ ਵਾਧੂ ਡਿਊਟੀ ਹਟਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।
ਅਬਦੁੱਲਾ ਨੇ ਕਿਹਾ ਕਿ ਸਰਕਾਰ ਨੂੰ ਵਿਦੇਸ਼ੀਆਂ ਨੂੰ ਖੁਸ਼ ਕਰਨ ਦੀ ਬਜਾਏ ਅਪਣੇ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜੇ ਪਾਸੇ ਮਹਿਬੂਬਾ ਮੁਫਤੀ ਨੇ ਕੇਂਦਰ ਦੇ ਇਸ ਕਦਮ ਨੂੰ ਜੰਮੂ-ਕਸ਼ਮੀਰ ਦੇ ਬਾਗਬਾਨੀ ਉਦਯੋਗ ਲਈ ਤਬਾਹਕੁੰਨ ਕਰਾਰ ਦਿਤਾ ਹੈ।
ਕੇਂਦਰ ਸਰਕਾਰ ਨੇ ਪਿਛਲੇ ਹਫਤੇ ਸੇਬ, ਅਖਰੋਟ ਅਤੇ ਬਦਾਮ ਵਰਗੇ ਅਮਰੀਕੀ ਉਤਪਾਦਾਂ ’ਤੇ ਵਾਧੂ ਡਿਊਟੀ ਹਟਾਉਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਅਮਰੀਕਾ ਵਲੋਂ ਸਟੀਲ ਅਤੇ ਐਲੂਮੀਨੀਅਮ ਦੀਆਂ ਕੁਝ ਵਸਤਾਂ ’ਤੇ ਟੈਰਿਫ ਵਧਾਉਣ ਦੇ ਜਵਾਬੀ ਉਪਾਅ ਵਜੋਂ 2019 ’ਚ ਵਾਧੂ ਟੈਰਿਫ ਲਗਾਏ ਗਏ ਸਨ।
ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਕਿਹਾ, ‘‘ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਨੂੰ ਅਮਰੀਕੀਆਂ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਅਪਣੇ ਲੋਕਾਂ ਨੂੰ ਮੁਸ਼ਕਲ ’ਚ ਕਿਉਂ ਪਾਉਣ ਦੀ ਲੋੜ ਹੈ? ਅਸੀਂ ਮਹਿਸੂਸ ਕੀਤਾ ਕਿ ਕੇਂਦਰ ਪਹਿਲਾਂ ਕਸ਼ਮੀਰ ਦੇ ਲੋਕਾਂ ਬਾਰੇ ਸੋਚੇਗਾ।’’
ਅਬਦੁੱਲਾ ਨੇ ਪਾਰਟੀ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਉਹ ਇੱਥੋਂ ਦੇ ਲੋਕਾਂ ਬਾਰੇ ਨਹੀਂ ਸੋਚਣਾ ਚਾਹੁੰਦੇ ਤਾਂ ਘੱਟੋ-ਘੱਟ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਸੀ। ਉਨ੍ਹਾਂ ਨੇ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਦੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਹਨ। ਅਸੀਂ ਆਯਾਤ ਕੀਤੇ ਸੇਬ, ਅਖਰੋਟ ਅਤੇ ਬਦਾਮ ਨਹੀਂ ਚਾਹੁੰਦੇ। ਸਾਡਾ ਉਤਪਾਦ ਕਾਫ਼ੀ ਵਧੀਆ ਹੈ।’’
ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਸਰਕਾਰ ਅਪਣੇ ਫੈਸਲੇ ’ਤੇ ਮੁੜ ਵਿਚਾਰ ਕਰੇਗੀ ਅਤੇ ਦੇਸ਼ ਦੇ ਸੇਬ ਅਤੇ ਅਖਰੋਟ ਉਤਪਾਦਕਾਂ ਨੂੰ ਰਾਹਤ ਦੇਵੇਗੀ। ਇਸ ਫੈਸਲੇ ਦਾ ਖਮਿਆਜ਼ਾ ਪਹਾੜੀ ਸੂਬਿਆਂ ਨੂੰ ਭੁਗਤਣਾ ਪਵੇਗਾ।’’
ਇਸ ਦੌਰਾਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਇੱਥੋਂ ਦੇ ਲੋਕ ਪਹਿਲਾਂ ਹੀ 2019 ਤੋਂ ਬਾਅਦ ਭਾਰੀ ਨੁਕਸਾਨ ਨਾਲ ਜੂਝ ਰਹੇ ਹਨ। ਉਮੀਦ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਇਸ ’ਤੇ ਮੁੜ ਵਿਚਾਰ ਕਰੇਗਾ।