ਜਰਮਨੀ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ SAP ਨੇ ਕੁਲਮੀਤ ਬਾਵਾ ਨੂੰ ਤਰੱਕੀ ਦੇ ਕੇ ਮੁੱਖ ਮਾਲੀਆ ਅਫ਼ਸਰ ਬਣਾਇਆ

ਏਜੰਸੀ

ਖ਼ਬਰਾਂ, ਵਪਾਰ

ਅਪਣੀ ਨਵੀਂ ਭੂਮਿਕਾ ’ਚ, ਬਾਵਾ ਵਿਸ਼ਵ ਭਰ ’ਚ SAP BTP ਦੇ ਵਿਕਾਸ ਲਈ ਜ਼ਿੰਮੇਵਾਰ ਹੋਣਗੇ

Kulmeet Bawa

ਨਵੀਂ ਦਿੱਲੀ: ਵੱਡੇ ਕਾਰੋਬਾਰਾਂ ਲਈ ਸਾਫ਼ਟਵੇਅਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ SAP ਨੇ ਅਪਣੇ ਭਾਰਤੀ ਉਪ ਮਹਾਂਦੀਪ ਬ੍ਰਾਂਚ ਦੇ ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਕੁਲਮੀਤ ਬਾਵਾ (Kulmeet Bawa) ਨੂੰ ਤਰੱਕੀ ਦੇ ਕੇ SAP ਬਿਜ਼ਨਸ ਟੈਕਨੋਲੋਜੀ ਮੰਚ ਦਾ ਕੌਮਾਂਤਰੀ ਮੁੱਖ ਮਾਲੀਆ ਅਧਿਕਾਰੀ ਬਣਾ ਦਿਤਾ ਹੈ।

ਅਪਣੀ ਨਵੀਂ ਭੂਮਿਕਾ ’ਚ, ਬਾਵਾ ਵਿਸ਼ਵ ਭਰ ’ਚ SAP BTP ਦੇ ਵਿਕਾਸ ਲਈ ਜ਼ਿੰਮੇਵਾਰ ਹੋਣਗੇ, ਜਿਸ ’ਚ ਐਸ.ਏ.ਪੀ. ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਡੇਟਾ ਅਤੇ ਵਿਸ਼ਲੇਸ਼ਣ ਆਟੋਮੇਸ਼ਨ ਅਤੇ ਏਕੀਕਰਣ ਸ਼ਾਮਲ ਹਨ। SAP ਦੇ ਚੀਫ ਬਿਜ਼ਨਸ ਅਫਸਰ ਕਲਾਉਡੀਓ ਮੁਰੂਜਾਬਲ ਨੇ ਇਕ ਬਿਆਨ ’ਚ ਕਿਹਾ, ‘‘ਕੁਲਮੀਤ ਕੋਲ ਕਾਰੋਬਾਰਾਂ ਵੱਲੋਂ ‘ਕਲਾਊਡ’ ਅਪਨਾਉਣ ਜ਼ਰੀਏ ਨਵੇਂ ਮੌਕੇ ਤਲਾਸ਼ਣ, ਉਨ੍ਹਾਂ ਦੇ ਡੇਟਾ ਨੂੰ ਅਨੁਕੂਲਿਤ ਕਰਨ ਅਤੇ ਬਿਜ਼ਨਸ ਏ.ਆਈ. ਨਾਲ ਨਵੀਨਤਾ ਲਿਆਉਣ ’ਚ ਮਦਦ ਕਰਨ ਦਾ ਵਿਆਪਕ ਤਜਰਬਾ ਹੈ। ਮੈਂ ਕੁਲਮੀਤ ਦੀ ਤਰੱਕੀ ਪ੍ਰਤੀ ਉਤਸ਼ਾਹਿਤ ਹਾਂ ਤਾਂ ਜੋ ਉਸ ਦੇ ਇਨ੍ਹਾਂ ਹੁਨਰਾਂ ਨੂੰ ਦੁਨੀਆਂ ਭਰ ਦੇ ਗਾਹਕਾਂ ਤਕ ਪਹੁੰਚਾਇਆ ਜਾ ਸਕੇ।’’

ਬਾਵਾ ਫਰਵਰੀ ਤਕ ਅਪਣੇ ਮੌਜੂਦਾ ਅਹੁਦੇ ’ਤੇ ਬਣੇ ਰਹਿਣਗੇ। ਇਸ ਦੌਰਾਨ SAP ਇੰਡੀਆ ਲਈ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ। ਬਾਵਾ 2020 ’ਚ SAP ਇੰਡੀਆ ’ਚ ਸ਼ਾਮਲ ਹੋਏ ਸਨ। 

SAP ਇਕ ਜਰਮਨ ਬਹੁਕੌਮੀ ਸਾਫਟਵੇਅਰ ਕਾਰਪੋਰੇਸ਼ਨ ਹੈ ਜੋ ਕਾਰੋਬਾਰੀ ਕਾਰਜਾਂ ਅਤੇ ਗਾਹਕ ਸੰਬੰਧਾਂ ਦਾ ਪ੍ਰਬੰਧਨ ਕਰਨ ਲਈ ਐਂਟਰਪ੍ਰਾਈਜ਼ ਸਾਫਟਵੇਅਰ ਵਿਕਸਤ ਕਰਦੀ ਹੈ। ਇਸ ਦੀ ਸਥਾਪਨਾ 1972 ’ਚ ਕੀਤੀ ਗਈ ਸੀ ਅਤੇ ਇਸ ਦਾ ਮੁੱਖ ਦਫਤਰ ਵਾਲਡੋਰਫ, ਬਾਡੇਨ-ਵੁਰਟੇਮਬਰਗ, ਜਰਮਨੀ ’ਚ ਹੈ। SAP ਦੁਨੀਆਂ ਦਾ ਪ੍ਰਮੁੱਖ ਐਂਟਰਪ੍ਰਾਈਜ਼ ਰਿਸੋਰਸ ਪਲਾਨਿੰਗ (ਈ.ਆਰ.ਪੀ.) ਸਾਫਟਵੇਅਰ ਵਿਕਰੇਤਾ ਹੈ। ਈ.ਆਰ.ਪੀ. ਸਾਫਟਵੇਅਰ ਤੋਂ ਇਲਾਵਾ, ਕੰਪਨੀ ਡਾਟਾਬੇਸ ਸਾਫਟਵੇਅਰ ਅਤੇ ਤਕਨਾਲੋਜੀ, ਕਲਾਉਡ-ਇੰਜੀਨੀਅਰਡ ਸਿਸਟਮ ਅਤੇ ਹੋਰ ਈ.ਆਰ.ਪੀ. ਸਾਫਟਵੇਅਰ ਉਤਪਾਦ ਵੀ ਵੇਚਦੀ ਹੈ। ਐਸ.ਏ.ਪੀ. ਦੇ 180 ਤੋਂ ਵੱਧ ਦੇਸ਼ਾਂ ’ਚ 111,961 ਤੋਂ ਵੱਧ ਮੁਲਾਜ਼ਮ ਹਨ। ਕੰਪਨੀ ਡੀ.ਏ.ਐਕਸ. ਅਤੇ ਯੂਰੋ ਸਟੋਕਸ 50 ਸਟਾਕ ਮਾਰਕੀਟ ਸੂਚਕਾਂਕ 1 ਦਾ ਇਕ ਹਿੱਸਾ ਹੈ।