ਆਈ.ਟੀ. ਸ਼ੇਅਰਾਂ ਦੇ ਨਵੀਂ ਉਚਾਈ ’ਤੇ ਪਹੁੰਚਣ ਨਾਲ ਸੈਂਸੈਕਸ ’ਚ 850 ਅੰਕ ਤੋਂ ਵੱਧ ਦਾ ਉਛਾਲ

ਏਜੰਸੀ

ਖ਼ਬਰਾਂ, ਵਪਾਰ

ਸੈਂਸੈਕਸ 72,568.45 ਅੰਕ ਦੇ ਨਵੇਂ ਸਿਖਰ ’ਤੇ ਬੰਦ ਹੋਇਆ

Representative image.

ਮੁੰਬਈ: ਸੂਚਨਾ ਤਕਨਾਲੋਜੀ ਕੰਪਨੀਆਂ ਟੀ.ਸੀ.ਐਸ. ਅਤੇ ਇਨਫੋਸਿਸ ਦੇ ਬਿਹਤਰ ਤਿਮਾਹੀ ਨਤੀਜਿਆਂ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਚ ਮਜ਼ਬੂਤ ਖਰੀਦਦਾਰੀ ਕਾਰਨ ਸ਼ੁਕਰਵਾਰ ਨੂੰ ਸੈਂਸੈਕਸ ਲਗਭਗ 850 ਅੰਕ ਚੜ੍ਹ ਕੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਨਿਫਟੀ ਵੀ ਨਵੇਂ ਰੀਕਾਰਡ ਪੱਧਰ ’ਤੇ ਬੰਦ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਅਤੇ ਤਕਨਾਲੋਜੀ, ਰੀਅਲਟੀ ਅਤੇ ਤੇਲ ਬਲਾਕਾਂ ’ਚ ਮਜ਼ਬੂਤ ਖਰੀਦਦਾਰੀ ਨਾਲ ਵੀ ਘਰੇਲੂ ਬਾਜ਼ਾਰ ’ਚ ਨਿਵੇਸ਼ਕਾਂ ਦੀ ਧਾਰਨਾ ਨੂੰ ਹੁਲਾਰਾ ਮਿਲਿਆ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 847.27 ਅੰਕ ਯਾਨੀ 1.18 ਫੀ ਸਦੀ ਦੀ ਤੇਜ਼ੀ ਨਾਲ 72,568.45 ਅੰਕ ਦੇ ਨਵੇਂ ਸਿਖਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 999.78 ਅੰਕ ਯਾਨੀ 1.39 ਫੀ ਸਦੀ ਦੇ ਵਾਧੇ ਨਾਲ 72,720.96 ਅੰਕ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ।

ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ ਵੀ 247.35 ਅੰਕ ਯਾਨੀ 1.14 ਫੀ ਸਦੀ ਦੇ ਵਾਧੇ ਨਾਲ 21,894.55 ਅੰਕ ਦੇ ਉੱਚ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 281.05 ਅੰਕ ਯਾਨੀ 1.29 ਫੀ ਸਦੀ ਦੇ ਵਾਧੇ ਨਾਲ 21,928.25 ਅੰਕ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਹਫਤੇ ਦੌਰਾਨ ਸੈਂਸੈਕਸ 542.3 ਅੰਕ ਯਾਨੀ 0.75 ਫੀ ਸਦੀ ਵਧਿਆ, ਜਦਕਿ ਨਿਫਟੀ 183.75 ਅੰਕ ਯਾਨੀ 0.84 ਫੀ ਸਦੀ ਵਧਿਆ। 

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਆਈ.ਟੀ. ਕੰਪਨੀਆਂ ਦੀ ਅਗਵਾਈ ’ਚ ਭਾਰਤੀ ਬਾਜ਼ਾਰ ਨਵੀਆਂ ਉਚਾਈਆਂ ’ਤੇ ਪਹੁੰਚ ਗਏ ਹਨ। ਵਿੱਤੀ ਸਾਲ 2024-25 ’ਚ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਖੇਤਰ ਲਈ ਬਿਹਤਰ ਦ੍ਰਿਸ਼ਟੀਕੋਣ ਕਾਰਨ ਆਈ.ਟੀ. ਖੇਤਰ ’ਚ ਸੁਧਾਰ ਦੇ ਸੰਕੇਤਾਂ ਨੇ ਨਿਵੇਸ਼ਕਾਂ ਦੀ ਧਾਰਨਾ ’ਤੇ ਸਕਾਰਾਤਮਕ ਪ੍ਰਭਾਵ ਪਾਇਆ। 

ਬਾਜ਼ਾਰ ਦੀ ਤੇਜ਼ੀ ਦੀ ਅਗਵਾਈ ਆਈ.ਟੀ. ਦਿੱਗਜ ਇੰਫੋਸਿਸ ਨੇ ਲਗਭਗ ਅੱਠ ਫ਼ੀ ਸਦੀ ਦੇ ਮਜ਼ਬੂਤ ਉਛਾਲ ਨਾਲ ਕੀਤੀ। ਅਕਤੂਬਰ-ਦਸੰਬਰ ਤਿਮਾਹੀ ਦੇ ਨਤੀਜੇ ਬਾਜ਼ਾਰ ਦੀਆਂ ਉਮੀਦਾਂ ਨਾਲੋਂ ਕਾਫੀ ਬਿਹਤਰ ਰਹੇ, ਜਿਸ ਕਾਰਨ ਇਸ ਦੇ ਸ਼ੇਅਰਾਂ ਵਲ ਮਜ਼ਬੂਤ ਰੁਝਾਨ ਰਿਹਾ। ਦੇਸ਼ ਦੀ ਸੱਭ ਤੋਂ ਵੱਡੀ ਸਾਫਟਵੇਅਰ ਨਿਰਯਾਤ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੇ ਸ਼ੇਅਰਾਂ ’ਚ ਵੀ ਤੇਜ਼ੀ ਦੌਰਾਨ ਕਰੀਬ 4 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। 

ਦਸੰਬਰ ਤਿਮਾਹੀ ’ਚ ਕੰਪਨੀ ਦੀ ਸ਼ੁੱਧ ਆਮਦਨ 8.2 ਫੀ ਸਦੀ ਵਧ ਕੇ 11,735 ਕਰੋੜ ਰੁਪਏ ਰਹੀ। ਇਸ ਨਾਲ ਟਾਟਾ ਕੰਸਲਟੈਂਸੀ ਸਰਵਿਸਿਜ਼ ਲਗਭਗ 4 ਫ਼ੀ ਸਦੀ ਚੜ੍ਹ ਗਈ। ਇਨ੍ਹਾਂ ਤੋਂ ਇਲਾਵਾ ਆਈ.ਟੀ. ਸੈਕਟਰ ਟੈਕ ਮਹਿੰਦਰਾ, ਐਚਸੀਐਲ ਟੈਕਨੋਲੋਜੀਜ਼ ਅਤੇ ਵਿਪਰੋ ਦੇ ਸ਼ੇਅਰ ਵੀ ਚੰਗਾ ਲਾਭ ਲੈਣ ’ਚ ਸਫਲ ਰਹੇ। ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ ’ਚ ਵੀ ਵਾਧਾ ਹੋਇਆ। ਦੂਜੇ ਪਾਸੇ ਬਜਾਜ ਫਿਨਸਰਵ ਪਾਵਰ ਗ੍ਰਿਡ, ਅਲਟਰਾਟੈਕ ਸੀਮੈਂਟ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।

ਬੀ.ਐਸ.ਈ. ਦਾ ਆਈ.ਟੀ. ਇੰਡੈਕਸ 5.06 ਫੀ ਸਦੀ ਵਧਿਆ, ਜੋ ਖੇਤਰੀ ਸੂਚਕਾਂਕ ’ਚ ਸੱਭ ਤੋਂ ਵੱਧ ਹੈ। ਤਕਨਾਲੋਜੀ ਖੇਤਰ ’ਚ ਵੀ 4.40 ਫ਼ੀ ਸਦੀ ਦਾ ਵਾਧਾ ਹੋਇਆ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.41 ਫੀ ਸਦੀ ਅਤੇ ਮਿਡਕੈਪ ਇੰਡੈਕਸ 0.36 ਫੀ ਸਦੀ ਵਧਿਆ ਹੈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਪ੍ਰਚੂਨ ਖੋਜ ਮੁਖੀ ਦੀਪਕ ਜਸਾਨੀ ਨੇ ਕਿਹਾ, ‘‘ਨਿਫਟੀ ਰੀਕਾਰਡ ਪੱਧਰ ’ਤੇ ਬੰਦ ਹੋਇਆ ਅਤੇ ਇਸ ’ਚ ਤੇਜ਼ੀ ਦਾ ਰੁਝਾਨ ਜਾਰੀ ਰਿਹਾ। ਬਰਤਾਨੀਆਂ ਤੋਂ ਨਵੇਂ ਆਰਥਕ ਅੰਕੜਿਆਂ ਦੇ ਆਉਣ ਤੋਂ ਬਾਅਦ ਯੂਰਪੀਅਨ ਬਾਜ਼ਾਰਾਂ ’ਚ ਤੇਜ਼ੀ ਵੇਖਣ ਨੂੰ ਮਿਲੀ।’’

ਹਾਲਾਂਕਿ, ਪਛਮੀ ਏਸ਼ੀਆ ’ਚ ਵਧਦੇ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਕੌਮਾਂਤਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 2.49 ਫੀ ਸਦੀ ਦੀ ਤੇਜ਼ੀ ਨਾਲ 79.34 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਜਾਪਾਨ ਦਾ ਨਿੱਕੇਈ ਤੇਜ਼ੀ ਨਾਲ ਬੰਦ ਹੋਇਆ, ਜਦਕਿ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ਨਾਲ ਬੰਦ ਹੋਇਆ। ਯੂਰਪੀਅਨ ਬਾਜ਼ਾਰ ਸਕਾਰਾਤਮਕ ਖੇਤਰ ’ਚ ਕਾਰੋਬਾਰ ਕਰ ਰਹੇ ਸਨ। ਅਮਰੀਕਾ ਦੇ ਜ਼ਿਆਦਾਤਰ ਬਾਜ਼ਾਰ ਵੀਰਵਾਰ ਨੂੰ ਤੇਜ਼ੀ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 865 ਕਰੋੜ ਰੁਪਏ ਦੇ ਸ਼ੇਅਰ ਵੇਚੇ।