IPSOS Survey: ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਮਹਿੰਗਾਈ ਤੋਂ ਡਰਦੇ ਨੇ ਲੋਕ: ਸਰਵੇਖਣ

ਏਜੰਸੀ

ਖ਼ਬਰਾਂ, ਵਪਾਰ

43% ਭਾਰਤੀਆਂ ਨੂੰ ਮਹਿੰਗਾਈ ਦਾ ਡਰ, 29 ਦੇਸ਼ਾਂ ’ਚ 7ਵਾਂ ਨੰਬਰ

People fear inflation the most in the world: IPSOS Survey

IPSOS Survey: ਦੁਨੀਆਂ ਸੱਭ ਤੋਂ ਵੱਧ ਹਿੰਸਾ ਜਾਂ ਭ੍ਰਿਸ਼ਟਾਚਾਰ ਤੋਂ ਨਹੀਂ ਸਗੋਂ ਮਹਿੰਗਾਈ ਤੋਂ ਡਰਦੀ ਹੈ। ਭਾਰਤ ਸਮੇਤ ਦੁਨੀਆ ਦੇ 29 ਦੇਸ਼ਾਂ 'ਚ ਕੀਤੇ ਗਏ ਇਪਸੋਸ ਸਰਵੇਖਣ ਦਾ ਇਹ ਸਾਹਮਣੇ ਆਇਆ ਹੈ। ਇਸ ਸਰਵੇਖਣ ਦੀ ਰੀਪੋਰਟ ‘ਵਾਈਟ ਵੌਰੀਜ਼ ਦਿ ਵਰਲਡ’ ਸਿਰਲੇਖ ਨਾਲ ਜਾਰੀ ਕੀਤੀ ਗਈ ਹੈ।

ਸਰਵੇਖਣ 'ਚ ਪੁੱਛਿਆ ਗਿਆ ਕਿ ਤੁਹਾਡਾ ਦੇਸ਼ ਸਹੀ ਦਿਸ਼ਾ 'ਚ ਜਾ ਰਿਹਾ ਹੈ ਜਾਂ ਗਲਤ। ਇਸ ਤੋਂ ਇਲਾਵਾ, 61% ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ਼ ਗਲਤ ਦਿਸ਼ਾ ਵੱਲ ਜਾ ਰਿਹਾ ਹੈ।ਇਸ ਸਰਵੇਖਣ ਵਿਚ 16-74 ਸਾਲ ਦੀ ਉਮਰ ਦੇ 22,633 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

43% ਭਾਰਤੀਆਂ ਨੂੰ ਮਹਿੰਗਾਈ ਦਾ ਡਰ

ਅਮਰੀਕਾ ਵਿਚ ਵੀ ਬਹੁਤ ਸਾਰੇ ਲੋਕ ਮਹਿੰਗਾਈ ਤੋਂ ਡਰਦੇ ਹਨ। ਇਸ ਮਾਮਲੇ ਵਿਚ ਅਰਜਨਟੀਨਾ (70%) ਸਿਖਰ 'ਤੇ ਹੈ। ਭਾਰਤ ਵਿਚ 43% ਲੋਕ ਮਹਿੰਗਾਈ ਤੋਂ ਡਰਦੇ ਹਨ। 29 ਦੇਸ਼ਾਂ ਵਿਚ ਇਸ ਮਾਮਲੇ ਵਿਚ ਸਾਡਾ ਦੇਸ਼ 7ਵੇਂ ਨੰਬਰ ਉਤੇ ਹੈ। ਇਸ ਤੋਂ ਇਲਾਵਾ ਦੂਜੇ ਨੰਬਰ ’ਤੇ ਤੁਰਕੀ (59%), ਸਿੰਗਾਪੁਰ (58%), ਕੈਨੇਡਾ (57%), ਆਸਟ੍ਰੇਲੀਆ (52%), ਪੋਲੈਂਡ (48), ਅਮਰੀਕਾ (43%) ਸ਼ਾਮਲ ਹਨ।

ਕਿਹੜੇ ਮੁੱਦਿਆਂ ਤੋਂ ਜ਼ਿਆਦਾ ਡਰਦੇ ਨੇ ਲੋਕ

ਸਰਵੇਖਣ ਦੌਰਾਨ ਸਾਹਮਣੇ ਆਇਆ ਕਿ 37% ਲੋਕ ਮਹਿੰਗਾਈ, 30% ਲੋਕ ਅਪਰਾਧ ਅਤੇ ਹਿੰਸਾ, 30% ਲੋਕ ਗਰੀਬੀ ਅਤੇ ਅਸਮਾਨਤਾ, 27% ਬੇਰੁਜ਼ਗਾਰੀ ਅਤੇ 26% ਭ੍ਰਿਸ਼ਟਾਚਾਰ ਤੋਂ ਡਰਦੇ ਹਨ।

41% ਭਾਰਤੀਆਂ ਨੂੰ ਬੇਰੁਜ਼ਗਾਰੀ ਦਾ ਡਰ

ਦੁਨੀਆਂ ਦੇ 27% ਲੋਕ ਬੇਰੁਜ਼ਗਾਰੀ ਤੋਂ ਡਰਦੇ ਹਨ। 41% ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਰੁਜ਼ਗਾਰੀ ਤੋਂ ਡਰ ਲੱਗਦਾ ਹੈ। ਇਸ ਮਾਮਲੇ ਵਿਚ ਭਾਰਤੀ, ਦੱਖਣੀ ਅਫਰੀਕਾ ਅਤੇ ਇੰਡੋਨੇਸ਼ੀਆ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਇਸ ਤੋਂ ਇਲਾਵਾ 24% ਭਾਰਤੀਆਂ ਨੂੰ ਅਪਰਾਧ ਅਤੇ ਹਿੰਸਾ ਦਾ ਡਰ ਹੈ। ਅਪਰਾਧ ਅਤੇ ਹਿੰਸਾ ਕਾਰਨ ਡਰ ਦੇ ਮਾਮਲੇ ਵਿਚ ਭਾਰਤ 16ਵਾਂ ਦੇਸ਼ ਹੈ। ਇਸ ਮਾਮਲੇ ਵਿਚ ਚਿੱਲੀ 64% ਨਾਲ ਪਹਿਲੇ ਨੰਬਰ ’ਤੇ ਹੈ। ਇਸ ਤੋਂ ਬਾਅਦ ਸਵੀਡਨ (63%), ਦੱਖਣੀ ਅਫਰੀਕਾ (53%), ਮੈਕਸੀਕੋ (52%) ਦਾ ਨੰਬਰ ਆਉਂਦਾ ਹੈ।