ਮੁੰਜਾਲ-ਬਰਮਨ ਦੇ ਹੱਥ ਆਵੇਗੀ ਫ਼ੋਰਟਿਸ ਦੀ ਕਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੋਰਡ ਵਲੋਂ ਮਿਲੀ ਮਨਜ਼ੂਰੀ, ਦੋਵਾਂ ਦੀ 16.80 ਫ਼ੀ ਸਦੀ ਹੋਵੇਗੀ ਹਿੱਸੇਦਾਰੀ

Fortis

ਨਵੀਂ ਦਿੱਲੀ,  ਫ਼ੋਰਟਿਸ ਹੈਲਥਕੇਅਰ ਡੀਲ ਸਬੰਧੀ ਚੱਲ ਰਹੀਆਂ ਰੁਕਾਵਟਾਂ ਦਰਮਿਆਨ ਜਾਣਕਾਰੀ ਮਿਲੀ ਹੈ ਕਿ ਇਸ ਸੌਦੇ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਸਬੰਧੀ ਫ਼ੋਰਟਿਸ ਹੈਲਥਕੇਅਰ ਦੇ ਬੋਰਡ ਨੇ ਹੀਰੋ ਇੰਟਰਪ੍ਰਾਈਜਜ਼ ਦੇ ਸੁਨੀਲ ਕਾਂਤ ਮੁੰਜਾਲ ਅਤੇ ਡਾਬਰ ਸਮੂਹ ਦੇ ਬਰਮਨ ਪਰਵਾਰ ਵਲੋਂ ਸਾਂਝੀ ਪ੍ਰਾਪਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਸੌਦੇ ਸਬੰਧੀ ਉਨ੍ਹਾਂ ਦਸਿਆ ਕਿ ਬੋਰਡ ਨੇ ਹਰ ਆਫ਼ਰ 'ਤੇ ਕਾਫ਼ੀ ਚਰਚਾ ਕਰਨ ਤੋਂ ਬਾਅਦ ਹੀਰੋ ਇੰਟਰਪ੍ਰਾਈਜਜ਼ ਇਨਵੈਸਟਮੈਂਟ ਆਫ਼ਿਸ ਅਤੇ ਬਰਮਨ ਪਰਵਾਰ ਵਲੋਂ ਆਏ ਪ੍ਰਸਤਾਵ 'ਤੇ ਸ਼ੇਅਰ ਧਾਰਕਾਂ ਤੋਂ ਮਨਜ਼ੂਰੀ ਪ੍ਰਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਇਹ ਫ਼ੈਸਲਾ ਬੀਤੇ ਦਿਨੀਂ ਹੋਈ ਇਕ ਮੈਰਾਥਨ ਮੀਟਿੰਗ ਤੋਂ ਬਾਅਦ ਲਿਆ। ਇਸ 'ਚ ਪ੍ਰਸਤਾਵਾਂ 'ਤੇ ਵਿਚਾਰ ਕਰਨ ਲਈ ਬੋਡਰ ਵਲੋਂ ਪਿਛਲੇ ਮਹੀਨੇ ਗਠਿਤ ਸਲਾਹਕਾਰ ਕਮੇਟੀ ਦੀਆਂ ਸਿਫ਼ਾਰਸ਼ 'ਤੇ ਪਹਿਲਾਂ ਵਿਚਾਰ ਕੀਤਾ ਗਿਆ, ਫਿਰ ਇਸ ਤੋਂ ਬਾਅਦ ਫ਼ੈਸਲਾ ਲਿਆ ਗਿਆ।

ਜ਼ਿਕਰਯੋਗ ਹੈ ਕਿ ਹੀਰੋ ਇੰਟਰਪ੍ਰਾਈਜਜ਼ ਅਤੇ ਡਾਬਰ ਸਮੂਹ ਦੇ ਬਰਮਨ ਪਰਵਾਰ ਨੇ ਫ਼ੋਰਟਿਸ ਹੈਲਥਕੇਅਰ 'ਚ ਇਕੁਇਟੀ ਅਤੇ ਵਾਰੰਟਾਂ ਰਾਹੀਂ 1800 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਜੇਕਰ ਸੱਭ ਵਾਰੰਟਾਂ ਨੂੰ ਸ਼ੇਅਰਾਂ 'ਚ ਬਦਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਫ਼ੋਰਟਿਸ ਹੈਲਥਕੇਅਰ 'ਚ ਇਨ੍ਹਾਂ ਦੋਵਾਂ ਕੰਪਨੀਆਂ ਦੀ ਕੁਲ ਹਿੱਸੇਦਾਰੀ 16.80 ਫ਼ੀ ਸਦੀ ਹੋ ਜਾਵੇਗੀ ਪਰ ਸੂਰਤਾਂ ਦੀ ਮੰਨੀਏ ਤਾਂ ਬੋਰਡ 'ਚ ਇਸ ਸਬੰਧੀ ਅਜੇ ਦੋ-ਰਾਏ ਹੈ। ਇਸ ਫ਼ੈਸਲੇ ਸਬੰਧੀ ਬੋਰਡ ਦੇ ਪੁਰਾਣੇ ਮੈਂਬਰ ਤਾਂ ਇਸ ਦੇ ਪੱਖ 'ਚ ਹਨ ਪਰ ਨਵ-ਨਿਯੁਕਤ ਮੈਂਬਰਾਂ 'ਚ ਇਸ ਸਬੰਧੀ ਅਜੇ ਸੰਤੁਸ਼ਟੀ ਨਹੀਂ ਦਿਖਾਈ ਦੇ ਰਹੀ ਹੈ।ਕੰਪਨੀ ਨੇ ਅਪਣੇ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਕੰਪਨੀ ਨੇ ਸੱਭ ਆਫ਼ਰਾਂ ਦਾ ਫ਼ਾਇਦੇ-ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਹੀਰੋ ਇੰਟਰਪ੍ਰਾਈਜਜ਼ ਇਨਵੈਸਟਮੈਂਟ ਅਤੇ ਬਰਮਨ ਫ਼ੈਮਲੀ ਦੇ ਆਫ਼ਰ ਨੂੰ ਬਹੁਮਤ ਨਾਲ ਸਵੀਕਾਰ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਫਿਰ ਇਸ ਨੂੰ ਮਨਜ਼ੂਰੀ ਲਈ ਸ਼ੇਅਰਧਾਰਕਾਂ 'ਚ ਰਖਿਆ ਜਾਵੇਗਾ।   (ਏਜੰਸੀ)