15 ਸਾਲਾਂ ’ਚ ਪਹਿਲੀ ਵਾਰੀ : ਸਰਕਾਰ ਨੇ ਅਗਲੇ ਸਾਲ ਮਾਰਚ ਤਕ ਕਣਕ ਦੇ ਭੰਡਾਰਨ ਦੀ ਹੱਦ ਲਾਗੂ ਕੀਤੀ
ਕਣਕ ਦੇ ਨਿਰਯਾਤ ’ਤੇ ਪਾਬੰਦੀ ਜਾਰੀ ਰਹੇਗੀ
ਨਵੀਂ ਦਿੱਲੀ: ਕਣਕ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਕੱਸਣ ਲਈ ਸਰਕਾਰ ਨੇ 15 ਸਾਲਾਂ ’ਚ ਪਹਿਲੀ ਵਾਰੀ ਸੋਮਵਾਰ ਨੂੰ ਮਾਰਚ, 2024 ਤਕ ਤੁਰਤ ਅਸਰ ਤੋਂ ਕਣਕ ’ਤੇ ਭੰਡਾਰਨ ਹੱਦ (ਸਟਾਕ ਲਿਮਟ) ਲਾਗੂ ਕਰ ਦਿਤੀ ਹੈ।
ਸਰਕਾਰ ਨੇ ਖੁੱਲ੍ਹਾ ਬਾਜ਼ਾਰ ਵਿਕਰੀ ਯੋਜਨਾ (ਓ.ਐਮ.ਐਸ.ਐਸ.) ਤਹਿਤ ਪਹਿਲੇ ਪੜਾਅ ’ਚ ਕੇਂਦਰੀ ਪੂਲ ਤੋਂ ਥੋਕ ਖਪਤਕਾਰਾਂ ਅਤੇ ਵਪਾਰੀਆਂ ਨੂੰ 15 ਲੱਖ ਟਨ ਕਣਕ ਵੇਚਣ ਦਾ ਵੀ ਫ਼ੈਸਲਾ ਕੀਤਾ ਹੈ।
ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ, ‘‘ਪਿਛਲੇ ਮਹੀਨੇ ’ਚ ਕਣਕ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਮੰਡੀ ਪੱਧਰ ’ਤੇ ਕੀਮਤਾਂ ’ਚ ਲਗਭਗ 8 ਫ਼ੀ ਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਥੋਕ ਅਤੇ ਪ੍ਰਚੂਨ ਕੀਮਤਾਂ ’ਚ ਏਨਾ ਵਾਧਾ ਨਹੀਂ ਹੋਇਆ, ਪਰ ਸਰਕਾਰ ਨੇ ਕਣਕ ’ਤੇ ਸਟਾਕ ਹੱਦ ਲਾਗੂ ਕਰ ਦਿਤੀ ਹੈ।’’
ਇਹ ‘ਸਟਾਕ ਲਿਮਟ’ ਵਪਾਰੀਆਂ, ਥੋਕ ਵਿਕਰੀਕਰਤਾਵਾਂ, ਪ੍ਰਚੂਨ ਵਿਕਰੀਕਰਤਾਵਾਂ, ਵੱਡੀਆਂ ਰਿਟੇਲ ਲੜੀ ਵਿਕਰੀਕਰਤਾਵਾਂ ਅਤੇ ਫ਼ੂਡ ਪ੍ਰੋਸੈਸਿੰਗ ਕਰਨ ਵਾਲਿਆਂ ’ਤੇ 31 ਮਾਰਚ, 2024 ਤਕ ਲਈ ਲਾਈ ਗਈ ਹੈ।
ਕਣਕ ’ਤੇ ਆਯਾਤ ਡਿਊਟੀ ਘੱਟ ਕਰਨ ਬਾਰੇ ਸਕੱਤਰ ਨੇ ਕਿਹਾ ਕਿ ਇਸ ਨੀਤੀ ’ਚ ਤਬਦੀਲੀ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਦੇਸ਼ ਅੰਦਰ ਕਾਫ਼ੀ ਸਪਲਾਈ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਿਰਯਾਤ ’ਤੇ ਪਾਬੰਦੀ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਕਣਕ ਤੋਂ ਇਲਾਵਾ ਸਰਕਾਰ ਨੇ ਓ.ਐਮ.ਐਸ.ਐਸ. ਤਹਿਤ ਚੌਲਾਂ ਨੂੰ ਉਤਾਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਨ੍ਹਾਂ ਦੀ ਮਾਤਰਾ ਬਾਰੇ ਬਾਅਦ ’ਚ ਅੰਤਮ ਰੂਪ ਨਾਲ ਤੈਅ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਚੀਨੀ ਦੇ ਨਿਰਯਾਤ ਦੀ ਇਜਾਜ਼ਤ ਦੇਣ ਦਾ ਕੋਈ ਇਰਾਦਾ ਨਹੀਂ ਹੈ।