ਜ਼ਰੂਰੀ ਚੀਜ਼ਾਂ ਦੀ ਮਹਿੰਗਾਈ ਨੇ ਅਗੱਸਤ ਵਿਚ ਦਸ ਮਹੀਨਿਆਂ ਦਾ ਰੀਕਾਰਡ ਤੋੜਿਆ

ਏਜੰਸੀ

ਖ਼ਬਰਾਂ, ਵਪਾਰ

ਪਰਚੂਨ ਮੁਦਰਾਸਫ਼ੀਤੀ ਪਿਛਲੇ ਮਹੀਨੇ 3.21 ਫ਼ੀ ਸਦੀ 'ਤੇ ਪੁੱਜੀ

Retail inflation inches up to 10-month high of 3.21% in August

ਨਵੀਂ ਦਿੱਲੀ : ਮਾਸ ਅਤੇ ਮੱਛੀ, ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਧਣ ਨਾਲ ਅਗੱਸਤ ਮਹੀਨੇ ਵਿਚ ਪਰਚੂਨ ਮੁਦਰਾਸਫ਼ੀਤੀ ਮਾਮੂਲੀ ਵਧ ਕੇ 3.21 ਫ਼ੀ ਸਦੀ 'ਤੇ ਪਹੁੰਚ ਗਈ। ਇਹ 10 ਮਹੀਨਿਆਂ ਦਾ ਸੱਭ ਤੋਂ ਉਪਰਲਾ ਪੱਧਰ ਹੈ। ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਉਧਰ, ਮੁਦਰਾਸਫ਼ੀਤੀ ਹਾਲੇ ਵੀ ਰਿਜ਼ਰਵ ਬੈਂਕ ਦੇ ਟੀਚੇ ਦੇ ਦਾਇਰੇ ਵਿਚ ਹੈ ਜਿਸ ਨਾਲ ਨੀਤੀਗਤ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਬਰਕਰਾਰ ਹੈ। ਇਸ ਤੋਂ ਪਿਛਲੇ ਮਹੀਨੇ ਜੁਲਾਈ ਵਿਚ ਪਰਚੂਨ ਮੁਦਰਾਸਫ਼ੀਤੀ 3.15 ਫ਼ੀ ਸਦੀ ਸੀ ਜਦਕਿ ਪਿਛਲੇ ਸਾਲ ਅਗੱਸਤ ਵਿਚ ਪਰਚੂਨ ਮੁਦਰਾਸਫ਼ੀਤੀ 3.69 ਫ਼ੀ ਸਦੀ ਸੀ। ਇਸ ਤੋਂ ਪਹਿਲਾਂ ਪਰਚੂਨ ਮੁਦਰਾਸਫ਼ੀਤੀ ਅਕਤੂਬਰ 2018 ਵਿਚ 3.38 ਫ਼ੀ ਸਦੀ ਰਹੀ ਸੀ।

ਸੰਖਿਅਕੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਸ਼ਟਰੀ ਸੰਖਿਅਕ ਦਫ਼ਤਰ ਦੁਆਰਾ ਜਾਰੀ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਦੇ ਅਗੱਸਤ ਦੇ ਅੰਕੜਿਆਂ ਮੁਤਾਬਕ ਅਗੱਸਤ ਮਹੀਨੇ ਵਿਚ ਖਾਧ ਸਮੱਗਰੀ ਵਰਗ ਵਿਚ 2.99 ਫ਼ੀ ਸਦੀ ਮੁੱਲ ਵਾਧਾ ਰਿਹਾ ਜੋ ਜੁਲਾਈ ਵਿਚ 2.36 ਫ਼ੀ ਸਦੀ ਸੀ। ਪਰਚੂਨ ਮੁਦਰਾਸਫ਼ੀਤੀ ਸਿਹਤ ਖੇਤਰ ਵਿਚ 7.84 ਫ਼ੀ ਸਦੀ, ਪੁਨਰਨਿਰਮਾਣ ਅਤੇ ਮਨੋਰੰਜਨ ਖੇਤਰ ਵਿਚ 5.54 ਫ਼ੀ ਸਦੀ ਅਤੇ ਵਿਅਕਤੀਗਤ ਦੇਖਭਾਲ ਖੇਤਰ ਵਿਚ 6.38 ਫ਼ੀ ਸਦੀ ਰਹੀ। ਸਿਖਿਆ ਖੇਤਰ ਵਿਚ ਇਸ ਦੀ ਦਰ 6.10 ਫ਼ੀ ਸਦੀ, ਮਾਸ ਅਤੇ ਮੱਛੀ ਵਿਚ 8.51 ਫ਼ੀ ਸਦੀ, ਦਾਲ ਅਤੇ ਹੋਰ ਉਤਪਾਦਾਂ ਵਿਚ 6.94 ਫ਼ੀ ਸਦੀ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ 6.90 ਫ਼ੀ ਸਦੀ ਵਾਧਾ ਰਿਹਾ।

ਪਰਚੂਨ ਮਹਿੰਗਾਈ ਦੀ ਦਰ ਸੱਭ ਤੋਂ ਜ਼ਿਆਦਾ ਆਸਾਮ ਵਿਚ 5.79 ਫ਼ੀ ਸਦੀ ਰਹੀ। ਇਸ ਤੋਂ ਬਾਅਦ ਕਰਨਾਟਕ ਵਿਚ 5.47 ਫ਼ੀ ਸਦੀ ਅਤੇ ਉਤਰਾਖੰਡ ਵਿਚ 5.28 ਫ਼ੀ ਸਦੀ ਰਹੀ। ਖ਼ਾਸ ਗੱਲ ਇਹ ਹੈ ਕਿ ਚੰਡੀਗੜ੍ਹ ਵਿਚ ਇਹ ਦਰ ਸਿਫ਼ਰ ਤੋਂ 0.42 ਫ਼ੀ ਸਦੀ ਹੇਠਾਂ ਰਹੀ। ਇਸ ਦੌਰਾਨ ਦੇਸ਼ ਵਿਚ ਪੇਂਡੂ ਖੇਤਰਾਂ ਵਿਚ ਪਰਚੂਨ ਮੁਦਰਾਸਫ਼ੀਤੀ ਦੀ ਦਰ 2.18 ਫ਼ੀ ਸਦੀ ਅਤੇ ਸ਼ਹਿਰੀ ਖੇਤਰਾਂ ਵਿਚ 4.49 ਫ਼ੀ ਸਦੀ ਰਹੀ।