ਹੁਣ ਅੰਬਾਨੀ ਦੀ ਜੀਓ ਨੂੰ ਟੱਕਰ ਦੇਵੇਗੀ ਅਡਾਨੀ ਦੀ ਟੈਲੀਕਾਮ ਕੰਪਨੀ? ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਵਪਾਰ

ਅਡਾਨੀ ਸਮੂਹ ਨੂੰ ਸਪੈਕਟ੍ਰਮ ਅਲਾਟ ਕੀਤੇ ਜਾਣ ਦੇ ਸਮੇਂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਡਾਨੀ ਸਮੂਹ 5ਜੀ ਮਾਰਕੀਟ ਵਿੱਚ ਦਾਖਲ ਹੋਵੇਗਾ।

Gautam Adani's Adani Data Networks gets licence for full fledged telecom service

ਨਵੀਂ ਦਿੱਲੀ - 'ਪੱਖਪਾਤ' ਦੇ ਦੋਸ਼ਾਂ ਵਿਚਕਾਰ ਲਗਾਤਾਰ ਵਪਾਰਕ ਵਾਧੇ ਦਰਜ ਕਰ ਰਹੇ ਅਡਾਨੀ ਗਰੁੱਪ ਬਾਰੇ ਆਈ ਤਾਜ਼ਾ ਖ਼ਬਰ ਨੇ ਮੁੜ ਵਪਾਰ ਜਗਤ ਦੇ ਨਾਲ-ਨਾਲ ਆਮ ਲੋਕਾਂ 'ਚ ਵੀ ਚਰਚਾ ਛੇੜ ਦਿੱਤੀ ਹੈ। ਪ੍ਰਾਪਤ ਰਿਪੋਰਟਾਂ ਮੁਤਾਬਿਕ ਕੰਪਨੀ ਨੂੰ ਟੈਲੀਕਾਮ ਐਕਸੈਸ ਸੇਵਾਵਾਂ ਲਈ ਯੂਨੀਫ਼ਾਈਡ ਲਾਇਸੈਂਸ ਮਿਲਿਆ ਹੈ, ਜੋ ਕਿਸੇ ਵੀ ਕੰਪਨੀ ਨੂੰ ਸਾਰੀਆਂ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ।

ਅਡਾਨੀ ਸਮੂਹ ਨੂੰ ਸਪੈਕਟ੍ਰਮ ਅਲਾਟ ਕੀਤੇ ਜਾਣ ਦੇ ਸਮੇਂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਡਾਨੀ ਸਮੂਹ 5ਜੀ ਮਾਰਕੀਟ ਵਿੱਚ ਦਾਖਲ ਹੋਵੇਗਾ। ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਅਡਾਨੀ ਡਾਟਾ ਨੈੱਟਵਰਕ ਨੂੰ ਇਹ ਪਰਮਿਟ ਸੋਮਵਾਰ 10 ਅਕਤੂਬਰ ਨੂੰ ਦਿੱਤਾ ਗਿਆ।

ਅਡਾਨੀ ਸਮੂਹ ਨੇ ਕਿਹਾ ਸੀ ਕਿ ਉਹ ਆਪਣੇ ਡਾਟਾ ਸੈਂਟਰਾਂ ਦੇ ਨਾਲ-ਨਾਲ ਸੁਪਰ ਐਪ ਲਈ ਏਅਰਵੇਵਜ਼ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਗਰੁੱਪ ਪਾਵਰ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਏਅਰਪੋਰਟ, ਪੋਰਟ ਡਿਵੈਲਪਮੈਂਟ ਅਤੇ ਗੈਸ ਰਿਟੇਲਿੰਗ ਤੱਕ ਦੇ ਹਰ ਕੰਮ ਵਿੱਚ ਸਰਗਰਮ ਹੈ। ਸਪੈਕਟ੍ਰਮ ਦੀ ਵਰਤੋਂ ਅਡਾਨੀ ਗਰੁੱਪ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨ ਲਈ ਕਰੇਗੀ।

ਹਾਲਾਂਕਿ ਗਰੁੱਪ ਵੱਲੋਂ ਅਧਿਕਾਰਿਤ ਤੌਰ 'ਤੇ ਅਜਿਹੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਉਸ ਨੇ 400MHz ਸਪੈਕਟਰਮ ਦੀ ਵਰਤੋਂ ਕਰਨ ਦੇ ਅਧਿਕਾਰ ਹਾਸਲ ਕਰ ਲਏ ਹਨ, ਪਰ ਉਹ ਇਸ ਦੀ ਵਰਤੋਂ ਸਿਰਫ਼ ਆਪਣੇ ਨੈੱਟਵਰਕ ਨੂੰ ਮਜ਼ਬੂਤ ​​ਕਰਨ ਲਈ ਕਰੇਗੀ। ਉਦੋਂ ਅਡਾਨੀ ਗਰੁੱਪ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਉਹ ਸਿਰਫ਼ B2B ਸਪੇਸ (ਬਿਜ਼ਨਸ-ਟੂ-ਬਿਜ਼ਨਸ ਸਪੇਸ) 'ਚ ਗਾਹਕਾਂ ਨੂੰ ਆਪਣੀ ਸੇਵਾ ਪ੍ਰਦਾਨ ਕਰੇਗਾ ਅਤੇ ਫ਼ਿਲਹਾਲ ਗਰੁੱਪ ਖਪਤਕਾਰ ਗਤੀਸ਼ੀਲਤਾ ਦੇ ਖੇਤਰ 'ਚ ਪ੍ਰਵੇਸ਼ ਨਹੀਂ ਕਰਨਾ ਚਾਹੁੰਦਾ।

ਇਨ੍ਹਾਂ ਖ਼ਬਰਾਂ ਨੂੰ ਮੁੜ ਹਵਾ ਮਿਲ ਗਈ ਹੈ ਕਿ ਅਡਾਨੀ ਗਰੁੱਪ ਦਾ 5ਜੀ ਨੈੱਟਵਰਕ ਆਉਂਦੇ ਸਮੇਂ 'ਚ ਜੀਓ ਤੇ ਏਅਰਟੈਲ ਵਰਗੀਆਂ ਟੈਲੀਕਾਮ ਕੰਪਨੀਆਂ ਨੂੰ ਸਖ਼ਤ ਟੱਕਰ ਦੇਵੇਗਾ। ਟੈਲੀਕਾਮ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਬਾਰੇ ਹੋਰ ਵੇਰਵਿਆਂ ਦੀ ਉਡੀਕ ਰਹੇਗੀ।