Inflation news : ਪ੍ਰਚੂਨ ਮਹਿੰਗਾਈ ਨਵੰਬਰ ’ਚ ਵਧ ਕੇ 3 ਮਹੀਨੇ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ
ਸਬਜ਼ੀਆਂ ਅਤੇ ਅਨਾਜ ਦੀਆਂ ਕੀਮਤਾਂ 'ਚ ਵਾਧਾ ਰਿਹਾ ਕਾਰਨ
Inflation News: ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਪ੍ਰਚੂਨ ਮਹਿੰਗਾਈ ਨਵੰਬਰ ’ਚ ਤਿੰਨ ਮਹੀਨਿਆਂ ਦੇ ਉੱਚੇ ਪੱਧਰ 5.55 ਫੀ ਸਦੀ ’ਤੇ ਪਹੁੰਚ ਗਈ। ਰਾਸ਼ਟਰੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਮਹਿੰਗਾਈ ਅਕਤੂਬਰ ’ਚ 4.87 ਫੀ ਸਦੀ ਸੀ। ਅਗੱਸਤ ਤੋਂ ਮਹਿੰਗਾਈ ਘੱਟ ਰਹੀ ਹੈ। ਉਸ ਸਮੇਂ ਇਹ 6.83 ਫੀ ਸਦੀ ਸੀ। ਪਿਛਲੇ ਸਾਲ ਇਸੇ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ 5.88 ਫੀ ਸਦੀ ਸੀ।
ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਨਵੰਬਰ ਮਹੀਨੇ ਵਿਚ ਵਧ ਕੇ 8.7 ਫੀਸਦੀ ਹੋ ਗਈ ਜੋ ਅਕਤੂਬਰ ਵਿਚ 6.61 ਫੀਸਦੀ ਅਤੇ ਪਿਛਲੇ ਸਾਲ ਨਵੰਬਰ ਵਿਚ 4.67 ਫੀਸਦੀ ਸੀ। ਖਪਤਕਾਰ ਮੁੱਲ ਸੂਚਕਾਂਕ ਵਿੱਚ ਖੁਰਾਕੀ ਵਸਤਾਂ ਦੀ ਹਿੱਸੇਦਾਰੀ ਲਗਭਗ 50 ਫੀਸਦੀ ਹੈ। ਮਸਾਲਿਆਂ ਦੀ ਮਹਿੰਗਾਈ ਸਾਲਾਨਾ ਆਧਾਰ 'ਤੇ 21.55 ਫੀਸਦੀ ਵਧੀ ਹੈ। ਇਸ ਤੋਂ ਇਲਾਵਾ ਦਾਲਾਂ ਅਤੇ ਇਸ ਦੇ ਉਤਪਾਦਾਂ ਦੀ ਮਹਿੰਗਾਈ 20.23 ਫੀਸਦੀ, ਸਬਜ਼ੀਆਂ ਦੀ 17.7 ਫੀਸਦੀ ਅਤੇ ਫਲਾਂ ਦੀ ਮਹਿੰਗਾਈ 10.95 ਫੀਸਦੀ ਵਧੀ ਹੈ। ਅਨਾਜ ਅਤੇ ਇਸ ਦੇ ਉਤਪਾਦਾਂ ਦੀ ਮਹਿੰਗਾਈ ਸਾਲਾਨਾ ਆਧਾਰ 'ਤੇ 10.27 ਫੀਸਦੀ ਰਹੀ।
ਅਧਿਕਾਰਤ ਅੰਕੜਿਆਂ ਮੁਤਾਬਕ ਨਵੰਬਰ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 8.7 ਫੀ ਸਦੀ, ਅਕਤੂਬਰ ’ਚ 6.61 ਫੀ ਸਦੀ ਅਤੇ ਪਿਛਲੇ ਸਾਲ ਨਵੰਬਰ ’ਚ 4.67 ਫੀ ਸਦੀ ਸੀ। ਭਾਰਤੀ ਰਿਜ਼ਰਵ ਬੈਂਕ ਮੁਦਰਾ ਨੀਤੀ ’ਤੇ ਵਿਚਾਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਵੇਖਦਾ ਹੈ। ਇਸ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਦੋ ਫ਼ੀ ਸਦੀ ਦੇ ਵਾਧੇ-ਘਾਟੇ ਨਾਲ ਚਾਰ ਫ਼ੀ ਸਦੀ ’ਤੇ ਰੱਖੇ। ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਅਪਣੀ ਮੁਦਰਾ ਨੀਤੀ ਸਮੀਖਿਆ ’ਚ ਚਾਲੂ ਵਿੱਤੀ ਸਾਲ ’ਚ ਖਪਤਕਾਰਾਂ ਦੀ ਮਹਿੰਗਾਈ ਦਰ 5.4 ਫੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਅਕਤੂਬਰ ’ਚ ਉਦਯੋਗਿਕ ਉਤਪਾਦਨ 11.7 ਫੀ ਸਦੀ ਵਧਿਆ, 16 ਮਹੀਨਿਆਂ ’ਚ ਸਭ ਤੋਂ ਉੱਚਾ ਪੱਧਰ
ਨਵੀਂ ਦਿੱਲੀ: ਉਦਯੋਗਿਕ ਉਤਪਾਦਨ ਦੀ ਵਾਧਾ ਦਰ ਅਕਤੂਬਰ ’ਚ ਵਧ ਕੇ 16 ਮਹੀਨਿਆਂ ਦੇ ਉੱਚੇ ਪੱਧਰ 11.7 ਫੀਸਦੀ ’ਤੇ ਪਹੁੰਚ ਗਿਆ। ਇਹ ਤੇਜ਼ੀ ਨਿਰਮਾਣ, ਖਣਨ ਅਤੇ ਬਿਜਲੀ ਖੇਤਰਾਂ ਦੇ ਮਜ਼ਬੂਤ ਪ੍ਰਦਰਸ਼ਨ ਕਾਰਨ ਹੋਈ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਭਾਰਤ ਦਾ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਅਕਤੂਬਰ 2023 ’ਚ 16 ਮਹੀਨਿਆਂ ਦੇ ਉੱਚੇ ਪੱਧਰ 11.7 ਫੀ ਸਦੀ ’ਤੇ ਪਹੁੰਚ ਗਿਆ।
ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਉਦਯੋਗਿਕ ਉਤਪਾਦਨ ’ਚ 4.1 ਫੀ ਸਦੀ ਦੀ ਕਮੀ ਆਈ ਸੀ। ਰਾਸ਼ਟਰੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਮਹੀਨਾਵਾਰ ਅੰਕੜਿਆਂ ਮੁਤਾਬਕ ਅਕਤੂਬਰ ’ਚ ਨਿਰਮਾਣ ਖੇਤਰ ਦਾ ਉਤਪਾਦਨ 10.4 ਫੀ ਸਦੀ ਵਧਿਆ ਹੈ। ਮਾਈਨਿੰਗ ਸੈਕਟਰ ’ਚ 13.1 ਫੀਸਦੀ ਅਤੇ ਬਿਜਲੀ ਖੇਤਰ ’ਚ 20.4 ਫੀ ਸਦੀ ਦਾ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ (ਅਪ੍ਰੈਲ-ਅਕਤੂਬਰ) ’ਚ ਦੇਸ਼ ਦੀ ਉਦਯੋਗਿਕ ਉਤਪਾਦਨ ਵਾਧਾ ਦਰ ਵਧ ਕੇ 6.9 ਫੀਸਦੀ ਹੋ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 5.3 ਫ਼ੀ ਸਦੀ ਸੀ।
(For more news apart from Inflation News, stay tuned to Rozana Spokesman)