ਡੈਸਕਟਾਪ ਕੰਪਿਊਟਰਾਂ ਵਰਗੇ ਕੁੱਝ ਆਈ.ਟੀ. ਉਤਪਾਦਾਂ ’ਤੇ ਆਯਾਤ ਪਾਬੰਦੀ ਨਹੀਂ: ਡੀ.ਜੀ.ਐਫ.ਟੀ. 

ਏਜੰਸੀ

ਖ਼ਬਰਾਂ, ਵਪਾਰ

ਕੁੱਝ ਕੰਪਨੀਆਂ ਨੇ ਡੀ.ਜੀ.ਐਫ.ਟੀ. ਨਾਲ ਸੰਪਰਕ ਕੀਤਾ ਸੀ ਕਿ ਕਸਟਮ ਵਿਭਾਗ ਡੈਸਕਟਾਪ ਦੇ ਆਯਾਤ ਦੀ ਇਜਾਜ਼ਤ ਨਹੀਂ ਦੇ ਰਿਹਾ

Desktop Computer

ਨਵੀਂ ਦਿੱਲੀ: ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਡੈਸਕਟਾਪ ਕੰਪਿਊਟਰ ਵਰਗੇ ਕੁੱਝ ਆਈ.ਟੀ. ਹਾਰਡਵੇਅਰ ਉਤਪਾਦਾਂ ’ਤੇ ਕੋਈ ਦਰਾਮਦ ਪਾਬੰਦੀ ਨਹੀਂ ਲਗਾਈ ਗਈ ਹੈ। 

ਵਣਜ ਮੰਤਰਾਲੇ ਦੀ ਇਕ ਸ਼ਾਖਾ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ (ਡੀ.ਜੀ.ਐਫ.ਟੀ.) ਨੇ ਕਸਟਮ ਅਧਿਕਾਰੀਆਂ ਅਤੇ ਉਦਯੋਗ ਨੂੰ ਭੇਜੇ ਸਰਕੂਲਰ ਵਿਚ ਡੈਸਕਟਾਪ ਕੰਪਿਊਟਰਾਂ ਬਾਰੇ ਸਥਿਤੀ ਸਪੱਸ਼ਟ ਕੀਤੀ ਹੈ। 

ਇਸ ਅਨੁਸਾਰ, ਆਯਾਤ ਪਾਬੰਦੀ ’ਚ ਸਿਰਫ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ ਕੰਪਿਊਟਰ ਅਤੇ ਸਰਵਰ ਸ਼ਾਮਲ ਹਨ। ਇਨ੍ਹਾਂ ਸਾਰੇ ਉਤਪਾਦਾਂ ਦੇ ਆਯਾਤ ਦੀ ਆਗਿਆ ਇਕ ਜਾਇਜ਼ ਆਯਾਤ ਅਥਾਰਟੀ ਦੇ ਤਹਿਤ ਹੈ। 

ਡੈਸਕਟਾਪ ਕੰਪਿਊਟਰਾਂ ’ਚ CPU ਅਤੇ ਮਾਨੀਟਰ ਵੱਖਰੇ ਹੁੰਦੇ ਹਨ, ਪਰ ਆਲ-ਇਨ-ਵਨ ਪਰਸਨਲ ਕੰਪਿਊਟਰਾਂ ’ਚ CPU ਯੂਨਿਟ ਦੇ ਅੰਦਰ ਹੀ ਮੌਜੂਦ ਹੁੰਦਾ ਹੈ। 

ਸਰਕੂਲਰ ਮੁਤਾਬਕ, ‘‘ਕਸਟਮ ਆਈਟਮ 8471 ਦੇ ਤਹਿਤ ਆਈ.ਟੀ. ਹਾਰਡਵੇਅਰ ਉਤਪਾਦਾਂ ਦੇ ਆਯਾਤ ’ਤੇ ਪਾਬੰਦੀ ਡੈਸਕਟਾਪ ਕੰਪਿਊਟਰਾਂ ਵਰਗੇ ਹੋਰ ਉਤਪਾਦਾਂ ’ਤੇ ਲਾਗੂ ਨਹੀਂ ਹੁੰਦੀ।’’

ਕੌਮਾਂਤਰੀ ਵਪਾਰ ਦੀ ਬੋਲੀ ’ਚ, ਹਰ ਉਤਪਾਦ ਨੂੰ ਐਚ.ਐਸ.ਐਨ. ਕੋਡ ਜਾਂ ਕਸਟਮ ਹੈਡ ਦੇ ਤਹਿਤ ਸ਼੍ਰੇਣੀਬੱਧ ਕੀਤਾ ਜਾਂਦਾ ਹੈ. ਇਹ ਵਿਸ਼ਵ ਭਰ ’ਚ ਵਸਤੂਆਂ ਦੇ ਵਿਵਸਥਿਤ ਵਰਗੀਕਰਨ ’ਚ ਸਹਾਇਤਾ ਕਰਦਾ ਹੈ। 

ਕਸਟਮ ਆਈਟਮ 8471 ’ਚ ਆਟੋਮੈਟਿਕ ਡਾਟਾ ਪ੍ਰੋਸੈਸਿੰਗ ਮਸ਼ੀਨਾਂ ਅਤੇ ਯੂਨਿਟਾਂ ਨਾਲ ਸਬੰਧਤ ਉਤਪਾਦ ਸ਼ਾਮਲ ਹਨ। ਇਨ੍ਹਾਂ ’ਚ ਇਕ ਮਾਊਸ, ਪ੍ਰਿੰਟਰ, ਸਕੈਨਰ ਅਤੇ ਸੀ.ਡੀ. ਡਰਾਈਵ ਸ਼ਾਮਲ ਹਨ। 

ਇਕ ਅਧਿਕਾਰੀ ਨੇ ਕਿਹਾ ਕਿ ਕੁੱਝ ਕੰਪਨੀਆਂ ਨੇ ਡੀ.ਜੀ.ਐਫ.ਟੀ. ਨਾਲ ਸੰਪਰਕ ਕੀਤਾ ਸੀ ਕਿ ਕਸਟਮ ਵਿਭਾਗ ਡੈਸਕਟਾਪ ਦੇ ਆਯਾਤ ਦੀ ਆਗਿਆ ਨਹੀਂ ਦੇ ਰਿਹਾ ਹੈ। ਇਸ ਨੂੰ ਧਿਆਨ ’ਚ ਰਖਦੇ ਹੋਏ ਇਹ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। 

ਸਰਕਾਰ ਨੇ ਅਗੱਸਤ, 2023 ’ਚ ਕੁੱਝ ਆਈ.ਟੀ. ਹਾਰਡਵੇਅਰ ਚੀਜ਼ਾਂ ਦੇ ਨਿਰਵਿਘਨ ਆਯਾਤ ’ਤੇ ਪਾਬੰਦੀ ਲਗਾ ਦਿਤੀ ਸੀ। ਪਰ ਅਕਤੂਬਰ ’ਚ ਸਰਕਾਰ ਨੇ ਘਰੇਲੂ ਅਤੇ ਵਿਦੇਸ਼ੀ ਕੰਪਨੀਆਂ ਦੀ ਮੰਗ ’ਤੇ ਲੈਪਟਾਪ ਅਤੇ ਕੰਪਿਊਟਰ ’ਤੇ ਦਰਾਮਦ ਪਾਬੰਦੀਆਂ ’ਚ ਢਿੱਲ ਦਿਤੀ ਸੀ। ਦਰਾਮਦਕਾਰਾਂ ਨੂੰ ਮਾਤਰਾ ਅਤੇ ਕੀਮਤ ਦੇ ਵੇਰਵੇ ਦਿੰਦੇ ਹੋਏ ਉਚਿਤ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਤੋਂ ਇਨ੍ਹਾਂ ਹਾਰਡਵੇਅਰ ਦੀਆਂ ਖੇਪਾਂ ਲਿਆਉਣ ਦੀ ਆਗਿਆ ਦਿਤੀ ਗਈ ਸੀ।