ਪ੍ਰਚੂਨ ਮਹਿੰਗਾਈ ਦਰ 4 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਈ 

ਏਜੰਸੀ

ਖ਼ਬਰਾਂ, ਵਪਾਰ

ਖੁਰਾਕੀ ਵਸਤਾਂ ਦੀ ਮਹਿੰਗਾਈ ਘੱਟ ਕੇ 8.39 ਫੀ ਸਦੀ ’ਤੇ ਆ ਗਈ

Representative Image.

ਨਵੀਂ ਦਿੱਲੀ : ਪ੍ਰਚੂਨ ਮਹਿੰਗਾਈ ਦਰ ਦਸੰਬਰ ’ਚ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 5.22 ਫੀ ਸਦੀ ’ਤੇ ਆ ਗਈ। ਨਵੰਬਰ ’ਚ ਇਹ 5.48 ਫ਼ੀ ਸਦੀ ਸੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। 

ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਮਹਿੰਗਾਈ ਇਸ ਤੋਂ ਇਕ ਮਹੀਨਾ ਪਹਿਲਾਂ ਨਵੰਬਰ ’ਚ 5.48 ਫੀ ਸਦੀ ਅਤੇ ਇਕ ਸਾਲ ਪਹਿਲਾਂ ਦਸੰਬਰ 2023 ’ਚ 5.69 ਫੀ ਸਦੀ ਰਹੀ ਸੀ। ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਜਾਰੀ ਸੀ.ਪੀ.ਆਈ. ਦੇ ਅੰਕੜਿਆਂ ਮੁਤਾਬਕ ਦਸੰਬਰ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਘੱਟ ਕੇ 8.39 ਫੀ ਸਦੀ ’ਤੇ ਆ ਗਈ। ਨਵੰਬਰ ’ਚ ਇਹ 9.04 ਫੀ ਸਦੀ ਅਤੇ ਦਸੰਬਰ 2023 ’ਚ 9.53 ਫੀ ਸਦੀ ਸੀ।

ਐਨ.ਐਸ.ਓ. ਨੇ ਕਿਹਾ, ‘‘ਸੀ.ਪੀ.ਆਈ. (ਆਮ) ਅਤੇ ਖੁਰਾਕ ਮਹਿੰਗਾਈ ਦਸੰਬਰ 2024 ’ਚ ਚਾਰ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ।’’ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪਿਛਲੇ ਮਹੀਨੇ ਚਾਲੂ ਵਿੱਤੀ ਸਾਲ 2024-25 ਲਈ ਮਹਿੰਗਾਈ ਦਾ ਅਨੁਮਾਨ 4.5 ਫੀ ਸਦੀ ਤੋਂ ਵਧਾ ਕੇ 4.8 ਫੀ ਸਦੀ ਕਰ ਦਿਤਾ ਸੀ। ਕੇਂਦਰੀ ਬੈਂਕ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਤੇ ਦਬਾਅ ਕਾਰਨ ਅਕਤੂਬਰ-ਦਸੰਬਰ ਤਿਮਾਹੀ ’ਚ ਮਹਿੰਗਾਈ ਵਧੇਗੀ। 

ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਤੇ ਅਧਾਰਤ ਸਮੁੱਚੀ ਮਹਿੰਗਾਈ ਜੁਲਾਈ-ਅਗੱਸਤ ਦੌਰਾਨ ਔਸਤਨ 3.6 ਫ਼ੀ ਸਦੀ ਤੋਂ ਵਧ ਕੇ ਸਤੰਬਰ ’ਚ 5.5 ਫ਼ੀ ਸਦੀ ਅਤੇ ਅਕਤੂਬਰ 2024 ’ਚ 6.2 ਫ਼ੀ ਸਦੀ ਹੋ ਗਈ।