ਰੂਸ ਤੋਂ ਪੈਟਰੋਲੀਅਮ ਆਯਾਤ ਦੇ ਮਾਮਲੇ ’ਚ ਭਾਰਤ ਤੀਜੇ ਨੰਬਰ ਉਤੇ ਖਿਸਕਿਆ
ਦਸੰਬਰ ’ਚ ਰਿਲਾਇੰਸ ਨੇ ਕੱਚੇ ਤੇਲ ਦੀ ਖਰੀਦ ’ਚ ਕਟੌਤੀ ਕੀਤੀ
ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਅਤੇ ਸਰਕਾਰੀ ਰਿਫਾਇਨਰਾਂ ਵਲੋਂ ਕੱਚੇ ਤੇਲ ਦੀ ਆਯਾਤ ’ਚ ਭਾਰੀ ਕਟੌਤੀ ਕਰਨ ਤੋਂ ਬਾਅਦ ਦਸੰਬਰ 2025 ’ਚ ਭਾਰਤ ਰੂਸੀ ਪੈਟਰੋਲੀਅਮ ਦੇ ਖਰੀਦਦਾਰਾਂ ’ਚ ਤੀਜੇ ਸਥਾਨ ਉਤੇ ਆ ਗਿਆ ਹੈ।
ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਮੁਤਾਬਕ ਦਸੰਬਰ ’ਚ ਭਾਰਤ ਵਲੋਂ ਰੂਸ ਦੀ ਕੁਲ ਹਾਈਡ੍ਰੋਕਾਰਬਨ ਆਯਾਤ 2.3 ਅਰਬ ਯੂਰੋ ਸੀ, ਜੋ ਪਿਛਲੇ ਮਹੀਨੇ ਦੇ 3.3 ਅਰਬ ਯੂਰੋ ਤੋਂ ਕਾਫ਼ੀ ਘੱਟ ਹੈ। ਹੁਣ ਤੁਰਕੀ ਰੂਸ ਤੋਂ ਕੱਚਾ ਤੇਲ ਖ਼ਰੀਦਣ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਇਸ ਨੇ ਦਸੰਬਰ ’ਚ 2.6 ਅਰਬ ਯੂਰੋ ਦੇ ਰੂਸੀ ਹਾਈਡ੍ਰੋਕਾਰਬਨ ਦੀ ਖਰੀਦ ਕੀਤੀ।
ਚੀਨ ਸਿਖਰਲੇ ਨੰਬਰ ’ਤੇ ਬਰਕਰਾਰ ਹੈ ਜੋ ਚੋਟੀ ਦੇ ਪੰਜ ਆਯਾਤਕਾਂ ਤੋਂ ਰੂਸ ਦੇ ਨਿਰਯਾਤ ਮਾਲੀਏ ਦਾ 48 ਫ਼ੀ ਸਦੀ (6 ਬਿਲੀਅਨ ਯੂਰੋ) ਦਾ ਹਿੱਸਾ ਰੱਖਦਾ ਹੈ। ਸੀ.ਆਰ.ਈ.ਏ. ਨੇ ਕਿਹਾ ਕਿ ਭਾਰਤ ਰੂਸ ਦੇ ਕੱਚੇ ਤੇਲ ਦਾ ਤੀਜਾ ਸੱਭ ਤੋਂ ਵੱਡਾ ਖਰੀਦਦਾਰ ਸੀ, ਜਿਸ ਨੇ ਦਸੰਬਰ ’ਚ ਕੁਲ 2.3 ਅਰਬ ਯੂਰੋ ਦੇ ਰੂਸੀ ਹਾਈਡ੍ਰੋਕਾਰਬਨ ਦੀ ਆਯਾਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਭਾਰਤ ਦੀ ਖਰੀਦ ਦਾ 78 ਫੀ ਸਦੀ ਕੱਚਾ ਤੇਲ ਹੈ, ਜੋ ਕੁਲ 1.8 ਅਰਬ ਯੂਰੋ ਹੈ। ਕੋਲਾ (424 ਮਿਲੀਅਨ ਯੂਰੋ) ਅਤੇ ਤੇਲ ਉਤਪਾਦ (82 ਮਿਲੀਅਨ ਯੂਰੋ) ਭਾਰਤ ਦੀ ਬਾਕੀ ਮਹੀਨਾਵਾਰ ਆਯਾਤ ਦਾ ਹਿੱਸਾ ਹਨ।
ਨਵੰਬਰ ’ਚ ਭਾਰਤ ਨੇ ਰੂਸ ਦੇ ਕੱਚੇ ਤੇਲ ਦੀ ਖਰੀਦ ਉਤੇ 2.6 ਅਰਬ ਯੂਰੋ ਖਰਚ ਕੀਤੇ ਸਨ, ਜਿਸ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਬਾਲਣ ਬਣਾਉਣ ਲਈ ਰਿਫਾਇਨਰੀਆਂ ’ਚ ਪ੍ਰੋਸੈਸ ਕੀਤਾ ਜਾਂਦਾ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਇਨਰੀ ਨੇ ਦਸੰਬਰ ’ਚ ਰੂਸ ਤੋਂ ਅਪਣੀ ਆਯਾਤ ਅੱਧੀ ਘਟਾ ਦਿਤੀ ਸੀ। (ਪੀਟੀਆਈ)