EU ਨੇ ਅਮਰੀਕਾ 'ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ, ਸਟੀਲ-ਐਲੂਮੀਨੀਅਮ 'ਤੇ ਦੁਨੀਆ ਦੀ ਸਭ ਤੋਂ ਵੱਡੀ ਵਪਾਰ ਜੰਗ
ਐਲੂਮੀਨੀਅਮ 'ਤੇ ਅਮਰੀਕੀ ਟੈਰਿਫ਼ ਗਲਤ ਹਨ - ਆਸਟ੍ਰੇਲੀਆਈ ਪ੍ਰਧਾਨ ਮੰਤਰੀ
ਇਸ ਸਮੇਂ ਸਟੀਲ ਅਤੇ ਐਲੂਮੀਨੀਅਮ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਵਪਾਰ ਜੰਗ ਛਿੜੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ਸਮੇਤ ਸਾਰੇ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਇਨ੍ਹਾਂ ਧਾਤਾਂ 'ਤੇ 25 ਫ਼ੀ ਸਦੀ ਟੈਰਿਫ਼ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਅਮਰੀਕੀ ਫ਼ੈਕਟਰੀਆਂ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਬ੍ਰਿਟੇਨ ਨੇ ਕਿਹਾ ਹੈ ਕਿ ਉਸ ਦੇ ਸਾਰੇ ਵਿਕਲਪ ਖੁੱਲ੍ਹੇ
ਕੈਨੇਡਾ ਅਤੇ ਯੂਰਪੀਅਨ ਯੂਨੀਅਨ ਨੇ ਟਰੰਪ ਦੇ ਫ਼ੈਸਲੇ 'ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ, ਜਦਕਿ ਬ੍ਰਿਟੇਨ ਨੇ ਕਿਹਾ ਹੈ ਕਿ ਉਸ ਦੇ ਸਾਰੇ ਵਿਕਲਪ ਖੁੱਲ੍ਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਉਹ ਸਾਰੇ ਵਿਕਲਪਾਂ 'ਤੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਤਰ੍ਹਾਂ, ਮੈਂ ਸਟੀਲ ਅਤੇ ਐਲੂਮੀਨੀਅਮ 'ਤੇ ਗਲੋਬਲ ਟੈਰਿਫ਼ਾਂ ਤੋਂ ਨਿਰਾਸ਼ ਹਾਂ, ਪਰ ਅਸੀਂ ਵਿਵਹਾਰਕ ਪਹੁੰਚ ਅਪਣਾਵਾਂਗੇ। ਭਾਰਤ ਸਰਕਾਰ ਨੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਟਰੰਪ ਨੇ ਧਾਤਾਂ 'ਤੇ ਆਪਣੇ 2018 ਦੇ ਟੈਰਿਫ਼ ਤੋਂ ਸਾਰੀਆਂ ਛੋਟਾਂ ਨੂੰ ਹਟਾ ਦਿੱਤਾ ਅਤੇ ਐਲੂਮੀਨੀਅਮ 'ਤੇ ਟੈਰਿਫ਼ ਨੂੰ 10 ਪ੍ਰਤੀਸ਼ਤ ਵਧਾ ਦਿੱਤਾ। ਉਨ੍ਹਾਂ ਦਾ ਇਹ ਕਦਮ ਆਲਮੀ ਵਪਾਰ ਨੂੰ ਵਿਗਾੜਨ ਅਤੇ ਬਦਲਣ ਦੀ ਵਿਆਪਕ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਨੇ ਕੈਨੇਡਾ, ਮੈਕਸੀਕੋ ਅਤੇ ਚੀਨ 'ਤੇ ਵੱਖਰੇ ਟੈਰਿਫ਼ ਲਗਾਏ ਹਨ।
ਯੂਰਪੀਅਨ ਯੂਨੀਅਨ ਨੇ ਅਮਰੀਕੀ ਟੈਰਿਫ਼ਾਂ ਦੇ ਵਿਰੁੱਧ ਜਵਾਬੀ ਉਪਾਵਾਂ ਦਾ ਐਲਾਨ ਕੀਤਾ ਹੈ। ਯੂਰਪੀ ਸੰਘ ਨੇ ਕਿਹਾ ਕਿ ਉਹ ਅਮਰੀਕਾ ਤੋਂ 28 ਬਿਲੀਅਨ ਡਾਲਰ ਦੇ ਆਯਾਤ 'ਤੇ ਟੈਰਿਫ਼ ਲਗਾ ਰਿਹਾ ਹੈ।
ਇਨ੍ਹਾਂ ਵਿੱਚ ਸਿਰਫ਼ ਸਟੀਲ ਅਤੇ ਐਲੂਮੀਨੀਅਮ ਉਤਪਾਦ ਹੀ ਨਹੀਂ, ਸਗੋਂ ਟੈਕਸਟਾਈਲ, ਘਰੇਲੂ ਉਪਕਰਨ ਅਤੇ ਖੇਤੀਬਾੜੀ ਉਤਪਾਦ ਵੀ ਸ਼ਾਮਲ ਹੋਣਗੇ। ਇਸ ਦਾ ਅਸਰ ਮੋਟਰਸਾਈਕਲ, ਪੀਨਟ ਬਟਰ ਅਤੇ ਜੀਨਸ 'ਤੇ ਵੀ ਪਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀਜਿੰਗ ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ, ਜਦੋਂ ਕਿ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਇਸ ਕਦਮ ਦਾ ਅਮਰੀਕਾ-ਜਾਪਾਨ ਆਰਥਿਕ ਸਬੰਧਾਂ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ।
ਐਲੂਮੀਨੀਅਮ 'ਤੇ ਅਮਰੀਕੀ ਟੈਰਿਫ਼ ਗਲਤ ਹਨ - ਆਸਟ੍ਰੇਲੀਆਈ ਪ੍ਰਧਾਨ ਮੰਤਰੀ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆਈ ਸਟੀਲ ਅਤੇ ਐਲੂਮੀਨੀਅਮ 'ਤੇ ਅਮਰੀਕਾ ਦੇ ਟੈਰਿਫ਼ ਅਨੁਚਿਤ ਹਨ। ਹਾਲਾਂਕਿ, ਉਨ੍ਹਾਂ ਦੀ ਸਰਕਾਰ ਜਵਾਬੀ ਕਾਰਵਾਈ ਨਹੀਂ ਕਰੇਗੀ।