ਸੀ.ਬੀ.ਆਈ. ਨੇ ਦੂਜੀ ਸੱਭ ਤੋਂ ਵੱਡੀ ਚੋਣ ਬਾਂਡ ਖਰੀਦਦਾਰ ਮੇਘਾ ਇੰਜੀਨੀਅਰਿੰਗ ਵਿਰੁਧ ਐਫ.ਆਈ.ਆਰ. ਦਰਜ ਕੀਤੀ

ਏਜੰਸੀ

ਖ਼ਬਰਾਂ, ਵਪਾਰ

174 ਕਰੋੜ ਰੁਪਏ ਦੇ ਬਿਲਾਂ ਨੂੰ ਮਨਜ਼ੂਰੀ ਦੇਣ ’ਚ ਲਗਭਗ 78 ਲੱਖ ਰੁਪਏ ਦੀ ਕਥਿਤ ਰਿਸ਼ਵਤ ਦਿਤੀ ਗਈ

CBI

ਨਵੀਂ ਦਿੱਲੀ: ਸੀ.ਬੀ.ਆਈ. ਨੇ ਹੈਦਰਾਬਾਦ ਸਥਿਤ ਮੇਘਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰ ਲਿਮਟਿਡ ਵਿਰੁਧ ਕਥਿਤ ਰਿਸ਼ਵਤਖੋਰੀ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਕੀਤੀ ਹੈ। ਕੰਪਨੀ ਨੇ 966 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ ਸਨ ਅਤੇ ਇਹ ਇਨ੍ਹਾਂ ਬਾਂਡਾਂ ਦੀ ਦੂਜੀ ਸੱਭ ਤੋਂ ਵੱਡੀ ਖਰੀਦਦਾਰ ਹੈ। 

ਅਧਿਕਾਰੀਆਂ ਨੇ ਸਨਿਚਰਵਾਰ ਨੂੰ ਕਿਹਾ ਕਿ ਜਗਦਲਪੁਰ ਇੰਟੀਗ੍ਰੇਟਿਡ ਸਟੀਲ ਪਲਾਂਟ ਨਾਲ ਜੁੜੇ ਕੰਮਾਂ ਲਈ ਮੇਘਾ ਇੰਜੀਨੀਅਰਿੰਗ ਦੇ 174 ਕਰੋੜ ਰੁਪਏ ਦੇ ਬਿਲਾਂ ਨੂੰ ਮਨਜ਼ੂਰੀ ਦੇਣ ’ਚ ਲਗਭਗ 78 ਲੱਖ ਰੁਪਏ ਦੀ ਕਥਿਤ ਰਿਸ਼ਵਤ ਦਿਤੀ ਗਈ। ਐਫ.ਆਈ.ਆਰ. ’ਚ ਐਨ.ਆਈ.ਐਸ.ਪੀ. ਅਤੇ ਐਨ.ਐਮ.ਡੀ.ਸੀ. ਦੇ ਅੱਠ ਅਧਿਕਾਰੀਆਂ ਅਤੇ ਮੇਕੋਨ ਦੇ ਦੋ ਅਧਿਕਾਰੀਆਂ ਦੇ ਨਾਮ ਵੀ ਕਥਿਤ ਤੌਰ ’ਤੇ ਰਿਸ਼ਵਤ ਲੈਣ ਲਈ ਹਨ। 

ਚੋਣ ਕਮਿਸ਼ਨ ਵਲੋਂ 21 ਮਾਰਚ ਨੂੰ ਜਾਰੀ ਅੰਕੜਿਆਂ ਮੁਤਾਬਕ ਮੇਘਾ ਇੰਜੀਨੀਅਰਿੰਗ ਚੋਣ ਬਾਂਡ ਦੀ ਦੂਜੀ ਸੱਭ ਤੋਂ ਵੱਡੀ ਖਰੀਦਦਾਰ ਸੀ ਅਤੇ ਉਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਭ ਤੋਂ ਵੱਧ 586 ਕਰੋੜ ਰੁਪਏ ਦਾਨ ਕੀਤੇ। ਕੰਪਨੀ ਨੇ ਬੀ.ਆਰ.ਐਸ. ਨੂੰ 195 ਕਰੋੜ ਰੁਪਏ, ਡੀ.ਐਮ.ਕੇ. ਨੂੰ 85 ਕਰੋੜ ਰੁਪਏ ਅਤੇ ਵਾਈ.ਐਸ.ਆਰ.ਸੀ.ਪੀ. ਨੂੰ 37 ਕਰੋੜ ਰੁਪਏ ਦਾਨ ਕੀਤੇ। ਟੀ.ਡੀ.ਪੀ. ਨੂੰ ਕੰਪਨੀ ਤੋਂ ਲਗਭਗ 25 ਕਰੋੜ ਰੁਪਏ ਮਿਲੇ, ਜਦਕਿ ਕਾਂਗਰਸ ਨੂੰ 17 ਕਰੋੜ ਰੁਪਏ ਮਿਲੇ।