ਅੰਮ੍ਰਿਤਸਰ ਤੋਂ ਕਾਬੁਲ, ਕੰਧਾਰ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ
ਅਫਗਾਨਿਸਤਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਕੀਤਾ ਐਲਾਨ
ਨਵੀਂ ਦਿੱਲੀ: ਵਪਾਰ ਅਤੇ ਸੰਪਰਕ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ, ਐੱਚ.ਈ. ਮੌਲਵੀ ਅਮੀਰ ਖਾਨ ਮੁਤਾਕੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਅਤੇ ਅਫਗਾਨਿਸਤਾਨ ਵਿਚਕਾਰ ਸਿੱਧੀਆਂ ਉਡਾਣਾਂ ਜਲਦੀ ਹੀ ਸ਼ੁਰੂ ਹੋਣਗੀਆਂ। ਇਹ ਐਲਾਨ ਨਵੀਂ ਦਿੱਲੀ ਵਿਚ ਫਿੱਕੀ ਵਿਖੇ ਭਾਰਤੀ ਉਦਯੋਗ ਦੇ ਆਗੂਆਂ ਨਾਲ ਉਨ੍ਹਾਂ ਦੀ ਗੱਲਬਾਤ ਦੌਰਾਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਸੰਸਦ ਮੈਂਬਰ, ਰਾਜ ਸਭਾ ਅਤੇ ਸੰਸਦੀ ਸਥਾਈ ਕਮੇਟੀ ਆਫ਼ ਕਾਮਰਸ ਅਤੇ ਵਿਦੇਸ਼ ਮਾਮਲਿਆਂ ਬਾਰੇ ਪਾਰਲੀਮਾਨੀ ਸਲਾਹਕਾਰ ਕਮੇਟੀ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ।
ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਕਦਮ ਹੈ ਜੋ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਲਈ ਇੱਕ ਗੇਮ ਚੇਂਜਰ ਹੋ ਸਕਦਾ ਹੈ। ਡਾ. ਸਾਹਨੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਰਣਨੀਤਕ ਸਥਿਤੀ ਅਤੇ ਮੁੱਖ ਸਰਹੱਦੀ ਵਪਾਰ ਗਲਿਆਰਿਆਂ ਦੀ ਨੇੜਤਾ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇੱਕ ਤੇਜ਼ ਅਤੇ ਵਧੇਰੇ ਸੁਰੱਖਿਅਤ ਹਵਾਈ ਸੰਪਰਕ ਬਣਾਉਣ ਵਿੱਚ ਮਦਦ ਕਰੇਗੀ। ਇਸ ਨਾਲ ਦੋਵਾਂ ਪਾਸਿਆਂ ਦੇ ਕਿਸਾਨਾਂ, ਵਪਾਰੀਆਂ ਅਤੇ ਐਮ.ਐਸ.ਐਮ.ਈ. ਨੂੰ ਕਾਫ਼ੀ ਲਾਭ ਹੋਵੇਗਾ, ਖਾਸ ਕਰਕੇ ਖੇਤੀਬਾੜੀ ਉਤਪਾਦਾਂ, ਸੁੱਕੇ ਫਲ, ਤਾਜ਼ੇ ਫਲ, ਦਸਤਕਾਰੀ ਅਤੇ ਦਵਾਈਆਂ ਲਈ।