TikTok Banned : ਚੀਨ ਦੀ ਮਲਕੀਅਤ ਵਾਲੀ TikTok ਨੂੰ ਨਵਾਂ ਝਟਕਾ, ਇਸ ਦੇਸ਼ ’ਚ ਵੀ ਬੈਨ ਹੋਈ ਮੋਬਾਈਲ ਐਪ

ਏਜੰਸੀ

ਖ਼ਬਰਾਂ, ਵਪਾਰ

ਪ੍ਰਗਟਾਵੇ ਦੀ ਆਜ਼ਾਦੀ ਇਕ ਮੌਲਿਕ ਅਧਿਕਾਰ ਹੈ ਪਰ TikTok ਨਫ਼ਰਤ ਭਰੇ ਭਾਸ਼ਣ ਨੂੰ ਉਤਸ਼ਾਹਿਤ ਕਰ ਰਿਹਾ ਹੈ : ਨੇਪਾਲ ਸਰਕਾਰ 

TikTok Banned

TikTok Banned : ਨੇਪਾਲ ਸਰਕਾਰ ਨੇ ਸੋਮਵਾਰ ਨੂੰ ਚੀਨ ਦੀ ਮਲਕੀਅਤ ਵਾਲੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ TikTok ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਮਾਜਕ ਸਦਭਾਵਨਾ ’ਤੇ ਮਾੜਾ ਅਸਰ ਪੈਂਦਾ ਹੈ। ਸਰਕਾਰ ਦੀ ਬੁਲਾਰਾ, ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰੇਖਾ ਸ਼ਰਮਾ ਅਨੁਸਾਰ, TikTok ’ਤੇ ਪਾਬੰਦੀ ਲਗਾਉਣ ਦਾ ਫੈਸਲਾ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ’ਚ ਲਿਆ ਗਿਆ। ਉਨ੍ਹਾਂ ਕਿਹਾ ਕਿ TikTok ’ਤੇ ਪਾਬੰਦੀ ਲਗਾਉਣ ਦਾ ਫੈਸਲਾ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ ਲਾਗੂ ਕੀਤਾ ਜਾਵੇਗਾ।

ਕਾਠਮੰਡੂ ਪੋਸਟ ਅਖਬਾਰ ਦੀ ਖਬਰ ਅਨੁਸਾਰ, ਨੇਪਾਲ ਸਰਕਾਰ ਨੇ ਸਮਾਜਕ ਸਦਭਾਵਨਾ ’ਤੇ ਇਸ ਦੇ ‘ਨਾਕਾਰਾਤਮਕ ਅਸਰ’ ਦੇ ਮੱਦੇਨਜ਼ਰ TikTok ’ਤੇ ਪਾਬੰਦੀ ਲਾਈ ਗਈ ਹੈ। ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ’ਚ ਫੇਸਬੁੱਕ, ਐਕਸ (ਪਹਿਲਾਂ ਟਵਿੱਟਰ), TikTok ਅਤੇ ਯੂ-ਟਿਊਬ ਸਮੇਤ ਸਾਰੇ ਸੋਸ਼ਲ ਮੀਡੀਆ ਮੰਚਾਂ ਲਈ ਨੇਪਾਲ ’ਚ ਸੰਪਰਕ ਦਫ਼ਤਰ ਖੋਲ੍ਹਣਾ ਲਾਜ਼ਮੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ।

ਖਬਰਾਂ ਅਨੁਸਾਰ, ਸਰਕਾਰ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਇਕ ਮੌਲਿਕ ਅਧਿਕਾਰ ਹੈ ਪਰ ਸਮਾਜ ਦੇ ਇਕ ਵੱਡੇ ਵਰਗ ਨੇ TikTok ਦੀ ਆਲੋਚਨਾ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਇਹ ਨਫ਼ਰਤ ਭਰੇ ਭਾਸ਼ਣ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪਿਛਲੇ ਸਾਲ ਇਸ ਵੀਡੀਉ ਸ਼ੇਅਰਿੰਗ ਐਪ ਦੀ ਵਰਤੋਂ ਕਰ ਕੇ ਸਾਈਬਰ ਅਪਰਾਧ ਦੇ 1,647 ਮਾਮਲੇ ਦਰਜ ਕੀਤੇ ਗਏ ਸਨ। ਸ਼ਰਮਾ ਨੇ ਸਪੱਸ਼ਟ ਕੀਤਾ ਕਿ TikTok ਨੂੰ ਬੰਦ ਕਰਨ ਦਾ ਫੈਸਲਾ ਸਮਾਂ ਸੀਮਾ ਤੈਅ ਕਰਨ ਤੋਂ ਬਾਅਦ ਲਾਗੂ ਕੀਤਾ ਜਾਵੇਗਾ।

ਨੇਪਾਲੀ ਕਾਂਗਰਸ ਨੇ ਸਰਕਾਰ ਦੇ ਫੈਸਲੇ ’ਤੇ ਇਤਰਾਜ਼ ਪ੍ਰਗਟਾਇਆ

ਹਾਲਾਂਕਿ ਨੇਪਾਲੀ ਕਾਂਗਰਸ ਦੇ ਜਨਰਲ ਸਕੱਤਰ ਗਗਨ ਥਾਪਾ ਨੇ ਇਸ ਫੈਸਲੇ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ, ‘‘TikTok ’ਤੇ ਪਾਬੰਦੀ ਲਗਾਉਣ ਦਾ ਸਰਕਾਰ ਦਾ ਫੈਸਲਾ ਗਲਤ ਹੈ, ਸਰਕਾਰ ਨੂੰ ਸੋਸ਼ਲ ਮੀਡੀਆ ਸਾਈਟ ਨੂੰ ਨਿਯਮਤ ਕਰਨਾ ਚਾਹੀਦਾ ਹੈ।’’

ਇਹ ਫੈਸਲਾ ਚੀਨੀ ਨੈੱਟਵਰਕਿੰਗ ਮੰਚ ਲਈ ਝਟਕੇ ਵਾਂਗ ਹੈ। ਭਾਰਤ, ਅਮਰੀਕਾ, ਈ.ਯੂ. ਅਤੇ ਯੂ.ਕੇ. ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਸੁਰੱਖਿਆ ਚਿੰਤਾਵਾਂ ਕਾਰਨ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ TikTok ’ਤੇ ਪਾਬੰਦੀ ਲਗਾ ਦਿਤੀ ਹੈ।

(For more news apart from TikTok Banned, stay tuned to Rozana Spokesman)