2025 ਤਕ 5,000 ਅਰਬ ਡਾਲਰ ਦੀ ਅਰਥਵਿਵਸਥਾ ਹਾਸਲ ਕਰਨਾ ਲਗਭਗ ਅਸੰਭਵ: ਰਘੂਰਾਮ ਰਾਜਨ 

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਭਾਰਤ ਨੂੰ ਬਹੁਤ ਤੇਜ਼ੀ ਨਾਲ ਵਿਕਾਸ ਕਰਨ ਦੀ ਜ਼ਰੂਰਤ, ਕਿਉਂਕਿ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ

Raghuram Rajan

ਨਵੀਂ ਦਿੱਲੀ: ਬੁਨਿਆਦੀ ਢਾਂਚੇ ’ਤੇ ਖਰਚ ਅਤੇ ਦੁਨੀਆਂ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਚਾਲੂ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ’ਚ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਇਹ ਗੱਲ ਕਹੀ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਅਤੇ 2025 ਤਕ 5000 ਅਰਬ ਡਾਲਰ ਦੀ ਅਰਥਵਿਵਸਥਾ ਅਸੰਭਵ ਹੈ। ਰਾਜਨ ਨੇ ਅੱਗੇ ਕਿਹਾ ਕਿ ਭਾਰਤ ਦੀ ਮਜ਼ਬੂਤ ਵਿਕਾਸ ਦਰ ਦੇ ਬਾਵਜੂਦ, ਨਿੱਜੀ ਨਿਵੇਸ਼ ਅਤੇ ਨਿੱਜੀ ਖਪਤ ’ਚ ਤੇਜ਼ੀ ਨਹੀਂ ਆਈ ਹੈ। ਉਨ੍ਹਾਂ ਕਿਹਾ, ‘‘ਇਸ ਲਈ ਜੇਕਰ ਤੁਸੀਂ ਵੇਖੋ ਕਿ ਅਸੀਂ ਇਸ ਸਾਲ ਇੰਨਾ ਚੰਗਾ ਪ੍ਰਦਰਸ਼ਨ ਕਿਉਂ ਕੀਤਾ ਹੈ ਤਾਂ ਅਸੀਂ ਇੰਨਾ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਦੁਨੀਆਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ।’’

ਰਾਜਨ ਨੇ ਦਸਿਆ, ‘‘ਪਹਿਲੀ ਛਿਮਾਹੀ ’ਚ ਇਸ ਬਹੁਤ ਮਜ਼ਬੂਤ ਵਿਕਾਸ ਦਾ ਦੂਜਾ ਕਾਰਨ ਬੁਨਿਆਦੀ ਢਾਂਚੇ ’ਤੇ ਮਜ਼ਬੂਤ ਸਰਕਾਰੀ ਖਰਚ ਹੈ।’’ ਭਾਰਤ ਨੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦਾ ਦਰਜਾ ਬਰਕਰਾਰ ਰਖਿਆ ਹੈ। ਜੁਲਾਈ-ਸਤੰਬਰ ਤਿਮਾਹੀ ’ਚ ਜੀ.ਡੀ.ਪੀ. ਵਾਧਾ ਦਰ 7.6 ਫੀ ਸਦੀ ਰਹੀ, ਜੋ ਸਰਕਾਰ ਦੇ ਖਰਚ ਅਤੇ ਨਿਰਮਾਣ ਤੋਂ ਮਜ਼ਬੂਤੀ ਨਾਲ ਪ੍ਰੇਰਿਤ ਹੈ।

ਰਾਜਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ ਭਾਰਤੀ ਅਰਥਵਿਵਸਥਾ ਪ੍ਰਤੀ ਸਾਲ ਲਗਭਗ ਚਾਰ ਫ਼ੀ ਸਦੀ ਦੀ ਔਸਤ ਦਰ ਨਾਲ ਵਧੀ ਹੈ। ਉਨ੍ਹਾਂ ਕਿਹਾ, ‘‘ਇਹ ਸਾਡੀ 6 ਫੀ ਸਦੀ ਦੀ ਵਿਕਾਸ ਸਮਰੱਥਾ ਤੋਂ ਕਾਫੀ ਘੱਟ ਹੈ। ਤੁਸੀਂ ਕਿਹਾ ਸੀ ਕਿ ਮਹਿੰਗਾਈ ਕੰਟਰੋਲ ’ਚ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਦਾ ਇਕ ਕਾਰਨ ਇਹ ਹੈ ਕਿ ਅਸੀਂ ਅਪਣੀ ਸੰਭਾਵਤ ਦਰ ਨਾਲ ਨਹੀਂ ਵਧੇ ਹਾਂ।’’

ਉੱਘੇ ਅਰਥਸ਼ਾਸਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਭਾਰਤ ਨੂੰ ਬਹੁਤ ਤੇਜ਼ੀ ਨਾਲ ਵਿਕਾਸ ਕਰਨ ਦੀ ਜ਼ਰੂਰਤ ਹੈ ਕਿਉਂਕਿ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ ਹਨ। ਰਾਜਨ ਨੇ ਕਿਹਾ, ‘‘ਜੇਕਰ ਕੋਈ ਚਮਤਕਾਰ ਨਹੀਂ ਹੁੰਦਾ ਤਾਂ ਭਾਰਤ ਲਈ 2025 ਤਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨਾ ਅਸੰਭਵ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਸਮੇਂ ਸ਼ਾਇਦ 3500 ਅਰਬ ਡਾਲਰ ਦੀ ਅਰਥਵਿਵਸਥਾ ਹਾਂ ਅਤੇ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਤੁਹਾਨੂੰ ਅਗਲੇ ਦੋ ਸਾਲਾਂ ’ਚ 12-15 ਫੀ ਸਦੀ ਦੀ ਦਰ ਨਾਲ ਵਿਕਾਸ ਕਰਨ ਦੀ ਜ਼ਰੂਰਤ ਹੈ।’’