ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਵਾਲੇ ਦਿਨ ਦਿੱਲੀ ’ਚ ਬਣਿਆ ਨਵਾਂ ਰੀਕਾਰਡ

ਏਜੰਸੀ

ਖ਼ਬਰਾਂ, ਵਪਾਰ

13 ਫ਼ਰਵਰੀ ਨੂੰ ਦਿੱਲੀ ਮੈਟਰੋ ’ਚ ਰੀਕਾਰਡ ਗਿਣਤੀ ’ਚ ਮੁਸਾਫ਼ਰਾਂ ਨੇ ਸਫਰ ਕੀਤਾ 

Delhi Metro.

ਨਵੀਂ ਦਿੱਲੀ: ਦਿੱਲੀ ਮੈਟਰੋ ’ਚ ਸ਼ੁਕਰਵਾਰ 13 ਫ਼ਰਵਰੀ ਨੂੰ 71.09 ਲੱਖ ਮੁਸਾਫ਼ਰਾਂ ਨੇ ਸਫ਼ਰ ਕੀਤਾ ਜੋ ਹੁਣ ਤਕ ਦਾ ਇਕ ਰੀਕਾਰਡ ਹੈ। ਇਹ ਉਸ ਦਿਨ ਦਾ ਰੀਕਾਰਡ ਹੈ ਜਦੋਂ ਕੌਮੀ ਰਾਜਧਾਨੀ ਵਲ ਕਿਸਾਨਾਂ ਦੇ ਮਾਰਚ ਕਾਰਨ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਐਨ.ਸੀ.ਆਰ. ਖੇਤਰ ’ਚ ਟ੍ਰੈਫਿਕ ਜਾਮ ਵੇਖਿਆ ਗਿਆ ਸੀ। 

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਇਸ ਨੇ ਪਿਛਲੇ ਸਾਲ ਸਤੰਬਰ ਵਿਚ ਹਾਸਲ ਕੀਤੇ ਅਪਣੇ ਪਿਛਲੇ ਰੀਕਾਰਡ ਨੂੰ ਪਾਰ ਕਰ ਲਿਆ ਹੈ। ਪਿਛਲੇ ਸਾਲ 4 ਸਤੰਬਰ ਨੂੰ ਦਿੱਲੀ ਮੈਟਰੋ ’ਚ ਰੋਜ਼ਾਨਾ ਮੁਸਾਫ਼ਰਾਂ ਦੀ ਗਿਣਤੀ 71.03 ਲੱਖ ਅਤੇ 29 ਅਗੱਸਤ 2023 ਨੂੰ 69.94 ਲੱਖ ਸੀ। 

ਡੀ.ਐਮ.ਆਰ.ਸੀ. ਨੇ ਅਪਣੀ ਪੋਸਟ ’ਚ ਕਿਹਾ, ‘‘ਦਿੱਲੀ ਮੈਟਰੋ ਨੇ ਮੰਗਲਵਾਰ (13 ਫ਼ਰਵਰੀ, 2024) ਨੂੰ 71.09 ਲੱਖ ਰੋਜ਼ਾਨਾ ਮੁਸਾਫ਼ਰਾਂ ਦੀ ਗਿਣਤੀ ਦਰਜ ਕਰ ਕੇ ਸਤੰਬਰ 2023 ’ਚ ਬਣਾਇਆ ਗਿਆ ਅਪਣਾ ਸੱਭ ਤੋਂ ਵੱਧ ਰੋਜ਼ਾਨਾ ਮੁਸਾਫ਼ਰਾਂ ਦਾ ਰੀਕਾਰਡ ਤੋੜ ਦਿਤਾ, ਜੋ ਕਿ ਹੁਣ ਤਕ ਦਾ ਸੱਭ ਤੋਂ ਵੱਧ ਰੋਜ਼ਾਨਾ ਮੁਸਾਫ਼ਰਾਂ ਦੀ ਗਿਣਤੀ ਸੀ।’’

ਮੰਗਲਵਾਰ ਨੂੰ ਦਿੱਲੀ ਮੈਟਰੋ ਨੇ ਕਿਸਾਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ 9 ਸਟੇਸ਼ਨਾਂ ’ਤੇ ਕੁੱਝ ਗੇਟ ਕਈ ਘੰਟਿਆਂ ਲਈ ਬੰਦ ਕਰ ਦਿਤੇ ਸਨ, ਜਿਸ ਨਾਲ ਮੁਸਾਫ਼ਰਾਂ ਦੇ ਦਾਖਲੇ ਅਤੇ ਬਾਹਰ ਨਿਕਲਣ ਨੂੰ ਕੰਟਰੋਲ ਕੀਤਾ ਗਿਆ ਸੀ। ਮੁਸਾਫ਼ਰਾਂ ਨੂੰ ਦੂਜੇ ਗੇਟਾਂ ਤੋਂ ਇਨ੍ਹਾਂ ਸਟੇਸ਼ਨਾਂ ’ਚ ਦਾਖਲ ਹੋਣ ਜਾਂ ਬਾਹਰ ਨਿਕਲਣ ਦੀ ਇਜਾਜ਼ਤ ਸੀ।