ਥੋਕ ਮਹਿੰਗਾਈ ਦਰ ਜੂਨ ’ਚ ਘਟ ਕੇ ਅੱਠ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਜੂਨ ’ਚ ਸਿਫ਼ਰ ਤੋਂ ਹੇਠਾਂ 4.12 ਫ਼ੀ ਸਦੀ ’ਤੇ ਪੁੱਜੀ
ਨਵੀਂ ਦਿੱਲੀ: ਭੋਜਨ, ਬਾਲਣ ਅਤੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਘਟਣ ਨਾਲ ਜੂਨ ’ਚ ਥੋਕ ਮਹਿੰਗਾਈ ਦਰ ’ਚ ਵੱਡੀ ਕਮੀ ਆਈ ਹੈ ਅਤੇ ਇਸ ਸਿਫ਼ਰ ਤੋਂ ਹੇਠਾਂ 4.12 ਫ਼ੀ ਸਦੀ ’ਤੇ ਪੁੱਜ ਗਈ ਹੈ। ਇਹ ਇਸ ਦਾ ਲਗਭਗ ਅੱਠ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਸ਼ੁਕਰਵਾਰ ਨੂੰ ਥੋਕ ਮੁੱਲ ਸੂਚਕ ਅੰਕ ’ਤੇ ਅਧਾਰਤ ਮਹਿੰਗਾਈ ਦਰ ਦੇ ਅੰਕੜੇ ਜਾਰੀ ਕਰਦਿਆਂ ਇਹ ਜਾਣਕਾਰੀ ਦਿਤੀ। ਇਸ ਤੋਂ ਪਹਿਲਾਂ ਮਈ ’ਚ ਥੋਕ ਮਹਿੰਗਾਈ ਦਰ ਸਿਰਫ਼ ਤੋਂ ਹੇਠਾਂ 3.48 ਫ਼ੀ ਸਦੀ ਰਹੀ ਸੀ, ਜਦਕਿ ਇਕ ਸਾਲ ਪਹਿਲਾਂ ਜੂਨ, 2022 ’ਚ ਮਹਿੰਗਾਈ ਦਰ 16.23 ਫ਼ੀ ਸਦੀ ਸੀ।
ਜੂਨ ਦਾ ਥੋਕ ਮਹਿੰਗਾਈ ਦਾ ਅੰਕੜਾ ਅਕਤੂਬਰ, 2015 ਤੋਂ ਬਾਅਦ ਦਾ ਸਭ ਤੋਂ ਹੇਠਲੇ ਪੱਧਰ ਹੈ। ਉਸ ਸਮੇਂ ਥੋਕ ਮਹਿੰਗਾਈ ਦਰ ਸਿਰਫ਼ ਤੋਂ ਹੇਠਾਂ 4.76 ਫ਼ੀ ਸਦੀ ਰਹੀ ਸੀ। ਹਾਲਾਂਕਿ ਥੋਕ ਮਹਿੰਗਾਈ ਦਰ ’ਚ ਆਈ ਕਮੀ ਦੇ ਮੁਕਾਬਲੇ ਇਸੇ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 4.8 ਫ਼ੀ ਸਦੀ ’ਤੇ ਪੁੱਜ ਗਈ ਹੈ, ਜੋ ਮਈ ’ਚ 4.3 ਫ਼ੀ ਸਦੀ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਜੂਨ ਮਹੀਨੇ ’ਚ ਥੋਕ ਮਹਿੰਗਾਈ ਦਰ ’ਚ ਕਮੀ ਦਾ ਮੁੱਖ ਕਾਰਨ ਖਣਿਜ ਤੇਲ, ਖਾਣ-ਪੀਣ ਦੀਆਂ ਚੀਜ਼ਾਂ, ਮੂਲ ਧਾਤਾਂ, ਕੱਚੇ ਤੇਲ ਅਤੇ ਕੁਦਰਤੀ ਗੈਸ ਅਤੇ ਕਪੜਿਆਂ ਦੀਆਂ ਕੀਮਤਾਂ ’ਚ ਆਈ ਕਮੀ ਹੈ।
ਇਹ ਵੀ ਪੜ੍ਹੋ: ਕਰੰਟ ਲੱਗਣ ਨਾਲ ਪਾਵਰਕਾਮ ਮੁਲਾਜ਼ਮ ਦੀ ਮੌਤ
ਸਰਕਾਰੀ ਅੰਕੜਿਆਂ ਅਨੁਸਾਰ, ਜੂਨ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ ’ਚ 1.24 ਫ਼ੀ ਸਦੀ ਦੀ ਕਮੀ ਰਹੀ। ਪਟਰੌਲ-ਡੀਜ਼ਲ ਅਤੇ ਬਿਜਲੀ ਦੀ ਮਹਿੰਗਾਈ ਦਰ ਜੂਨ ’ਚ 12.63 ਫ਼ੀ ਸਦੀ ਘਟ ਗਈ ਜਦਕਿ ਮਈ ’ਚ ਇਸ ’ਚ 9.17 ਫ਼ੀ ਸਦੀ ਦੀ ਕਮੀ ਆਈ। ਸਮੀਖਿਆ ਅਧੀਨ ਸਮੇਂ ’ਚ ਨਿਰਮਿਤ ਉਤਪਾਦਾਂ ਦੀ ਥੋਕ ਮਹਿੰਗਾਈ ਦਰ ’ਚ 2.71 ਫ਼ੀ ਸਦੀ ਦੀ ਕਮੀ ਆਈ, ਜਦਕਿ ਮਈ ’ਚ ਇਹ 2.97 ਫ਼ੀ ਸਦੀ ਘੱਟ ਸੀ।
ਗੈਰ-ਭੋਜਨ ਵਸਤਾਂ ਦੀਆਂ ਥੋਕ ਕੀਮਤਾਂ ਜੂਨ ’ਚ 2.40 ਫ਼ੀ ਸਦੀ ਘਟੀਆਂ, ਜਦਕਿ ਕੱਚਾ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 3.01 ਫ਼ੀ ਸਦੀ ਡਿੱਗੀਆਂ। ਜਦਕਿ ਖਣਿਜਾਂ ਦੀਆਂ ਥੋਕ ਕੀਮਤਾਂ ’ਚ ਮਈ ਮੁਕਾਬਲੇ 4.32 ਫ਼ੀ ਸਦੀ ਦੀ ਕਮੀ ਰਹੀ। ਨਿਰਮਿਤ ਉਤਪਾਦਾਂ ਦੇ ਸੰਦਰਭ ’ਚ 11 ਸਮੂਹਾਂ ਦੀਆਂ ਥੋਕ ਕੀਮਤਾਂ ਜੂਨ ’ਚ ਘਟ ਗਈਆਂ, ਜਦਕਿ 9 ਸਮੂਹਾਂ ਦੀਆਂ ਕੀਮਤਾਂ ਵਧੀਆਂ ਹਨ। ਗਿਰਾਵਟ ਵਾਲੇ ਨਿਰਮਿਤ ਸਮੂਹਾਂ ’ਚ ਮੂਲ ਧਾਤ, ਰਸਾਇਣ ਅਤੇ ਰਸਾਇਣਿਕ ਉਤਪਾਦਨ, ਕਪੜਾ, ਰਬੜ ਅਤੇ ਪਲਾਸਟਿਕ ਉਤਪਾਦ ਅਤੇ ਕਾਗ਼ਜ਼ ਅਤੇ ਕਾਗ਼ਜ਼ ਤੋਂ ਬਣੇ ਉਤਪਾਦ ਸ਼ਾਮਲ ਹਨ।