ByteDance ਨੇ ਠੁਕਰਾਈ Microsoft ਦੀ ਪੇਸ਼ਕਸ਼, ਨਹੀਂ ਵੇਚੇਗੀ ਟਿਕਟਾਕ ਦੀ ਹਿੱਸੇਦਾਰੀ
ਚੀਨੀ ਕੰਪਨੀ ਬਾਈਟਡਾਂਸ ਅਮਰੀਕਾ ਵਿਚ ਮੋਬਾਈਲ ਐਪ ਟਿਕਟਾਕ ਦੀ ਮਲਕੀਅਤ ਦਾ ਅਧਿਕਾਰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ।
ਨਿਊਯਾਰਕ: ਚੀਨੀ ਕੰਪਨੀ ਬਾਈਟਡਾਂਸ ਅਮਰੀਕਾ ਵਿਚ ਮੋਬਾਈਲ ਐਪ ਟਿਕਟਾਕ ਦੀ ਮਲਕੀਅਤ ਦਾ ਅਧਿਕਾਰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ। ਮਾਈਕ੍ਰੋਸਾਫਟ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਬਾਈਟਡਾਂਸ ਨੇ ਟਿਕਟਾਕ ਦੀ ਖਰੀਦ ਨੂੰ ਲੈ ਕੇ ਦਿੱਤਾ ਗਿਆ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ ਹੈ।
ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਬੰਦ ਕਰਨ ਜਾਂ ਵੇਚਣ ਲਈ ਤੈਅ ਕੀਤੀ ਗਈ ਮਿਆਦ ਖਤਮ ਹੋਣ ਦੇ ਕਰੀਬ ਹੈ। ਬਾਈਟਡਾਂਸ ਨੂੰ ਅਮਰੀਕਾ ਵਿਚ ਟਿਕਟਾਕ ਦੇ ਕਾਰੋਬਾਰ ਲਈ 15 ਸਤੰਬਰ ਤੱਕ ਹਿੱਸੇਦਾਰੀ ਵੇਚਣ ਦਾ ਸਮਾਂ ਦਿੱਤਾ ਗਿਆ ਸੀ। ਅਮਰੀਕਾ ਅਤੇ ਚੀਨ ਵਿਚਕਾਰ ਟਿਕਟਾਕ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਦੇ ਨਾਲ ਕਾਰੋਬਾਰ ਨੂੰ ਰੋਕਣ ਲਈ ਮਿਆਦ ਤੈਅ ਕੀਤੀ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਚੀਨ ਟਿਕਟਾਕ ਦੀ ਵਰਤੋਂ ਸਰਕਾਰੀ ਕਰਮਚਾਰੀਆਂ ਦੀ ਲੋਕੇਸ਼ਨ ਟਰੈਕ ਕਰਨ, ਬਲੈਕਮੇਲ ਕਰਨ ਅਤੇ ਜਾਸੂਸੀ ਕਰਨ ਵਿਚ ਕਰ ਸਕਦਾ ਹੈ।
ਟਿਕਟਾਕ ਦੇ ਮਾਲਕ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਟੈੱਕ ਦਿੱਗਜ਼ ਨੇ ਇਕ ਬਿਆਨ ਵਿਚ ਕਿਹਾ, ‘ਬਾਈਟਡਾਂਸ ਨੇ ਅੱਜ ਸਾਨੂੰ ਦੱਸਿਆ ਕਿ ਉਹ ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ’। ਬਿਆਨ ਵਿਚ ਕਿਹਾ ਗਿਆ ਹੈ ਕਿ, ‘ਸਾਨੂੰ ਯਕੀਨ ਹੈ ਕਿ ਸਾਡਾ ਪ੍ਰਸਤਾਵ ਟਿਕਟਾਕ ਦੇ ਯੂਜ਼ਰਸ ਲਈ ਠੀਕ ਹੈ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਵੀ ਕਰਦਾ ਹੈ’।
ਦੱਸ ਦਈਏ ਕਿ ਅਮਰੀਕਾ ਵਿਚ 17.5 ਕਰੋੜ ਵਾਰ ਟਿਕਟਾਕ ਨੂੰ ਡਾਊਨਲੋਡ ਕੀਤਾ ਗਿਆ ਹੈ, ਜਦਕਿ ਦੁਨੀਆਂ ਭਰ ਵਿਚ ਅਰਬਾਂ ਲੋਕ ਇਸ ਐਪ ਦੀ ਵਰਤੋਂ ਮੋਬਾਈਲ ਫੋਨ ਤੋਂ ਸ਼ਾਰਟ ਵੀਡੀਓ ਬਣਾਉਣ ਵਿਚ ਕਰਦੇ ਹਨ। ਕੰਪਨੀ ਨੇ ਚੀਨ ਦੇ ਨਾਲ ਡਾਟਾ ਸ਼ੇਅਰ ਕਰਨ ਦੇ ਅਰੋਪਾਂ ਨੂੰ ਖਾਰਜ ਕੀਤਾ ਹੈ।