ਕਰਵਾ ਚੌਥ 'ਤੇ ਲੋਕਾਂ ਨੇ ਖਰੀਦਦਾਰੀ ਦੇ ਕੱਢੇ ਵੱਟ, ਵਿਕੇ 3 ਹਜ਼ਾਰ ਕਰੋੜ ਦੇ ਸੋਨੇ ਦੇ ਗਹਿਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਿਛਲੇ ਸਾਲ ਇਹ ਅੰਕੜਾ 2,200 ਕਰੋੜ ਰੁਪਏ ਦੇ ਕਰੀਬ ਸੀ।

gold

 

 ਨਵੀਂ ਦਿੱਲੀ : ਤਿਉਹਾਰਾਂ ਦੇ ਮੌਸਮ 'ਚ ਸਰਾਫਾ ਬਾਜ਼ਾਰ ਧੂਮ ਮਚਾ ਰਿਹਾ ਹੈ। ਦੀਵਾਲੀ ਦੀਆਂ ਤਿਆਰੀਆਂ ਦਰਮਿਆਨ ਵੀਰਵਾਰ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਗਿਆ। ਇਸ ਮੌਕੇ ਸੋਨਾ ਬਾਜ਼ਾਰ ਵਿੱਚ ਜਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਅਤੇ ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥਸ ਫੈਡਰੇਸ਼ਨ (ਏਆਈਜੇਜੀਐਫ) ਨੇ ਸਾਂਝੇ ਬਿਆਨ ਵਿੱਚ ਕਰਵਾ ਚੌਥ ਤੋਂ ਪਹਿਲਾਂ ਸੋਨੇ ਦੀ ਵਿਕਰੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕਰਵਾ ਚੌਥ ਦੇ ਮੌਕੇ 'ਤੇ ਗਹਿਣਿਆਂ ਦੇ ਵਪਾਰੀਆਂ ਦਾ ਵੀ ਵੱਡਾ ਕਾਰੋਬਾਰ ਦੇਖਣ ਨੂੰ ਮਿਲਿਆ। ਨਾਲ ਹੀ ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਲੋਕਾਂ ਨੇ ਵਿਆਹਾਂ ਲਈ ਗਹਿਣਿਆਂ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਸੀਏਆਈਟੀ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਅਤੇ ਏਆਈਜੇਜੀਐਫ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਕਰਵਾ ਚੌਥ ਦੇ ਦਿਨ ਦੇਸ਼ ਭਰ ਵਿੱਚ ਕਰੀਬ 3000 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੀ ਵਿਕਰੀ ਹੋਈ। ਪਿਛਲੇ ਸਾਲ ਇਹ ਅੰਕੜਾ 2,200 ਕਰੋੜ ਰੁਪਏ ਦੇ ਕਰੀਬ ਸੀ।

ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਰੇਟ ਦੀ ਗੱਲ ਕਰੀਏ ਤਾਂ ਸੋਨਾ ਮਹਿੰਗਾ ਹੋ ਗਿਆ ਹੈ। ਪਿਛਲੀ ਕਰਵਾ ਚੌਥ ਦੇ ਮੁਕਾਬਲੇ ਇਸ ਵਾਰ ਸੋਨੇ ਦੀ ਕੀਮਤ 3400 ਰੁਪਏ ਪ੍ਰਤੀ 10 ਗ੍ਰਾਮ ਵੱਧ ਹੈ। ਹਾਲਾਂਕਿ ਚਾਂਦੀ ਦੇ ਰੇਟ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 11 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸਸਤਾ ਹੋਇਆ ਹੈ।

CAIT ਮੁਤਾਬਕ ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 52 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰੇਟ ਸੋਨਾ ਕਰੀਬ 48 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ 'ਤੇ ਵਿਕਿਆ। ਖੰਡੇਲਵਾਲ ਅਤੇ ਅਰੋੜਾ ਨੇ ਦੱਸਿਆ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਸੋਨੇ-ਚਾਂਦੀ ਦੇ ਕਾਰੋਬਾਰ ਲਈ ਸ਼ੁਭ ਮੰਨੇ ਜਾਂਦੇ ਹਨ। ਇਸ ਦੌਰਾਨ ਸਾਰੇ ਤਿਉਹਾਰਾਂ ਅਤੇ ਫਿਰ ਵਿਆਹਾਂ ਦੇ ਸੀਜ਼ਨ ਕਾਰਨ ਸਰਾਫਾ ਬਾਜ਼ਾਰ ਵਿਚ ਰੌਣਕ ਬਣੀ ਰਹਿੰਦੀ ਹੈ।

ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ। ਪਿਛਲੇ ਮਹੀਨੇ ਸੋਨੇ ਦੀ ਕੀਮਤ 49 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ। ਪਰ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਹਾਲਾਂਕਿ, ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਫਰਵਰੀ 2022 ਦੇ ਅੰਤ ਤੋਂ ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਫਰਵਰੀ ਦੇ ਅੰਤ 'ਚ 24 ਕੈਰੇਟ ਸੋਨੇ ਦੀ ਕੀਮਤ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਸੀ। ਇਸ ਵੇਲੇ ਇਹ 50 ਹਜ਼ਾਰ ਰੁਪਏ ਦੇ ਕਰੀਬ ਹੈ।