ਇਜ਼ਰਾਈਲ-ਹਮਾਸ ਸੰਘਰਸ਼ ਨਾਲ ਭਾਰਤ-ਪਛਮੀ ਏਸ਼ੀਆ-ਯੂਰੋਪ ਆਰਥਕ ਲਾਂਘੇ ’ਚ ਹੋ ਸਕਦੀ ਹੈ ਦੇਰ : ਜੀ.ਟੀ.ਆਰ.ਆਈ.
ਇਜ਼ਰਾਈਲ ਅਤੇ ਸਾਊਦੀ ਅਰਬ ਵਿਚਕਾਰ ਇਤਿਹਾਸਕ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਨੂੰ ਪਟੜੀ ਤੋਂ ਉਤਾਰ ਸਕਦਾ ਹੈ ਸੰਘਰਸ਼
ਨਵੀਂ ਦਿੱਲੀ: ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਭਾਰਤ-ਪਛਮੀ ਏਸ਼ੀਆ-ਯੂਰੋਪ ਆਰਥਕ ਲਾਂਘਾ ਪ੍ਰਾਜੈਕਟ ’ਚ ਦੇਰੀ ਅਤੇ ਗੁੰਝਲਾਂ ਪੈਦਾ ਹੋ ਸਕਦੀਆਂ ਹਨ। ਥਿੰਕ ਟੈਂਕ ਗਲੋਬਲ ਟਰੇਡ ਰੀਸਰਚ ਇਨੀਸ਼ਏਟਿਵ (ਜੀ.ਟੀ.ਆਰ.ਆਈ.) ਨੇ ਇਹ ਗੱਲ ਕਹੀ। ਜੀ.ਟੀ.ਆਰ.ਆਈ. ਨੇ ਕਿਹਾ ਹੈ ਕਿ ਹਾਲਾਂਕਿ ਸੰਘਰਸ਼ ਦੇ ਤਤਕਾਲੀ ਨਤੀਜੇ ਇਜ਼ਰਾਈਲ ਅਤੇ ਗਜ਼ਾ ਤਕ ਹੀ ਸੀਮਤ ਹਨ, ਪਰ ਪੂਰੇ ਪਛਮੀ ਏਸ਼ੀਆ ’ਚ ਇਸ ਦੇ ਅਸਰ ਨੂੰ ਘੱਟ ਕਰ ਕੇ ਨਹੀਂ ਮੰਨਿਆ ਜਾ ਸਕਦਾ।
ਥਿੰਕ ਟੈਂਕ ਨੇ ਕਿਹਾ ਕਿ ਸੰਘਰਸ਼ ਇਜ਼ਰਾਈਲ ਅਤੇ ਸਾਊਦੀ ਅਰਬ ਵਿਚਕਾਰ ਇਤਿਹਾਸਕ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਨੂੰ ਪਟੜੀ ਤੋਂ ਉਤਾਰ ਸਕਦਾ ਹੈ, ਜੋ ਭਾਰਤ-ਪਛਮੀ ਏਸ਼ੀਆ-ਯੂਰੋਪ ਆਰਥਕ ਲਾਂਘੇ (ਆਈ.ਐਮ.ਈ.ਈ.ਸੀ.) ਢਾਂਚੇ ’ਚ ਇਕ ਮਹੱਤਵਪੂਰਨ ਕੜੀ ਹੈ।ਹਾਲਾਂਕਿ, ਸਾਊਦੀ ਅਰਬ ਅਤੇ ਇਜ਼ਰਾਈਲ ਵਿਚਕਾਰ ਇਤਿਹਾਸਕ ਰੂਪ ’ਚ ਕੋਈ ਰਸਮੀ ਸਫ਼ਾਰਤੀ ਸਬੰਧ ਨਹੀਂ ਹਨ, ਪਰ ਪਿਛਲੇ ਸਾਲਾਂ ਦੌਰਾਨ ਸਬੰਧਾਂ ’ਚ ਨਰਮੀ ਦੇ ਸੰਕੇਤ ਵੇਖੇ ਗਏ ਹਨ।
ਜੀ.ਟੀ.ਆਰ.ਆਈ. ਦੇ ਸਹਿ-ਸੰਸਥਾਪਕ ਅਜੈ ਸ੍ਰੀਵਾਸਤਵ ਨੇ ਕਿਹਾ ਕਿ ਜੰਗ ਦੀ ਸਥਿਤੀ ’ਚ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਪਟੜੀ ਤੋਂ ਉਤਰ ਸਕਦੀ ਹੈ। ਉਨ੍ਹਾਂ ਕਿਹਾ, ‘‘ਮੌਜੂਦਾ ਇਜ਼ਰਾਈਲ-ਹਮਾਸ ਸੰਘਰਸ਼ ਪ੍ਰਾਜੈਕਟ ਦੀ ਸਮਾਂ ਸੀਮਾ ਅਤੇ ਨਤੀਜਿਆਂ ਨੂੰ ਰੋਕ ਸਕਦੇ ਹਨ। ਹਾਲਾਂਕਿ, ਜੰਗ ਦਾ ਸਿੱਧਾ ਅਸਰ ਸਥਾਨਕ ਪੱਧਰ ਤਕ ਸੀਮਤ ਹੈ, ਪਰ ਇਸ ਨਾਲ ਭੂ-ਰਾਜਨੀਤਿਕ ਨਤੀਜੇ ਬਹੁਤ ਦੂਰ ਤਕ ਹੋਣਗੇ।’’
ਆਈ.ਐਮ.ਈ.ਈ.ਸੀ. ਇਕ ਪ੍ਰਤਾਵਿਤ ਆਰਥਕ ਲਾਂਘਾ ਹੈ, ਜਿਸ ਦਾ ਉਦੇਸ਼ ਏਸ਼ੀਆ, ਫ਼ਾਰਸ ਦੀ ਖਾੜੀ ਅਤੇ ਯੂਰੋਪ ਵਿਚਕਾਰ ਸੰਪਰਕ ਅਤੇ ਆਰਥਕ ਏਕੀਕਰਨ ਨੂੰ ਹੱਲਾਸ਼ੇਰੀ ਦੇਣਾ ਹੈ। ਇਹ ਲਾਂਘਾ ਭਾਰਤ ਤੋਂ ਲੈ ਕੇ ਯੂਰੋਪ ਤਕ ਫੈਲਿਆ ਹੋਵੇਗਾ।