ਫੈਡਰਲ ਰਿਜ਼ਰਵ ਰੇਟ ’ਚ ਕਟੌਤੀ ਨੂੰ ਲੈ ਕੇ ਕੌਮਾਂਤਰੀ ਅਨਿਸ਼ਚਿਤਤਾ ਕਾਰਨ ਸੋਨੇ ਦੀ ਕੀਮਤ ’ਚ ਕਮੀ
1500 ਰੁਪਏ ਡਿੱਗ ਕੇ 1,29,400 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ ਸੋਨਾ
ਨਵੀਂ ਦਿੱਲੀ: ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਦੀਆਂ ਟਿਪਣੀਆਂ ਤੋਂ ਬਾਅਦ ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ 1,500 ਰੁਪਏ ਡਿੱਗ ਕੇ 1,29,400 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ। ‘ਆਲ ਇੰਡੀਆ ਸਰਾਫਾ ਐਸੋਸੀਏਸ਼ਨ’ ਮੁਤਾਬਕ 99.5 ਫੀ ਸਦੀ ਸ਼ੁੱਧਤਾ ਵਾਲੀ ਧਾਤ 1,500 ਰੁਪਏ ਘਟ ਕੇ 1,28,800 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ, ਜੋ ਵੀਰਵਾਰ ਨੂੰ 1,30,300 ਰੁਪਏ ਪ੍ਰਤੀ 10 ਗ੍ਰਾਮ ਬੰਦ ਹੋਈ।
ਸਥਾਨਕ ਸਰਾਫਾ ਬਾਜ਼ਾਰ ’ਚ ਪਿਛਲੇ ਬਾਜ਼ਾਰ ਸੈਸ਼ਨ ’ਚ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,30,900 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਫੈਡਰਲ ਰਿਜ਼ਰਵ ਦੀ ਅਗਲੀ ਦਰ ਵਿਚ ਕਟੌਤੀ ਨੂੰ ਲੈ ਕੇ ਅਨਿਸ਼ਚਿਤਤਾ ਵਧਣ ਕਾਰਨ ਹਫਤੇ ਦੇ ਅੰਤ ਵਿਚ ਸੋਨਾ ਨਰਮ ਹੋ ਗਿਆ।’’
ਉਸ ਨੇ ਨੋਟ ਕੀਤਾ ਕਿ ਨਵੇਂ ਆਰਥਕ ਅੰਕੜਿਆਂ ਦੀ ਘਾਟ ਕਾਰਨ ਵਧੇਰੇ ਫੈਡ ਅਧਿਕਾਰੀ ਸਾਵਧਾਨ ਹੋ ਗਏ ਹਨ ਕਿਉਂਕਿ ਸਰਕਾਰੀ ਏਜੰਸੀਆਂ 1 ਅਕਤੂਬਰ ਤੋਂ ਸ਼ਟਡਾਊਨ ਨਾਲ ਸਬੰਧਤ ਦੇਰੀ ਤੋਂ ਪ੍ਰਭਾਵਤ ਹਨ। ਸ਼ੁਕਰਵਾਰ ਨੂੰ ਚਾਂਦੀ ਦੀ ਕੀਮਤ ਵੀ 4,200 ਰੁਪਏ ਡਿੱਗ ਕੇ 1,64,800 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਈ। ਵੀਰਵਾਰ ਨੂੰ ਚਿੱਟੀ ਧਾਤ 1,69,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਬੰਦ ਹੋਈ ਸੀ।