ਅਕਤੂਬਰ ’ਚ ਥੋਕ ਮਹਿੰਗਾਈ 27 ਮਹੀਨਿਆਂ ਦੇ ਹੇਠਲੇ ਪੱਧਰ ਉਤੇ ਆਈ
ਜੀ.ਐਸ.ਟੀ. ’ਚ ਕਟੌਤੀ ਕਾਰਨ ਘਟ ਕੇ ਹੋਈ (-) 1.21 ਫੀਸਦੀ
ਨਵੀਂ ਦਿੱਲੀ: ਸਰਕਾਰੀ ਅੰਕੜਿਆਂ ਮੁਤਾਬਕ ਥੋਕ ਕੀਮਤਾਂ ਦੀ ਮਹਿੰਗਾਈ ਅਕਤੂਬਰ ’ਚ 27 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ (-) 1.21 ਫੀ ਸਦੀ ਉਤੇ ਆ ਗਈ, ਜਿਸ ਕਾਰਨ ਦਾਲ਼ਾਂ, ਸਬਜ਼ੀਆਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ ਅਤੇ ਤੇਲ ਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਘਟ ਗਈਆਂ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਤ ਮਹਿੰਗਾਈ ਪਿਛਲੇ ਸਾਲ ਸਤੰਬਰ ’ਚ 0.13 ਫੀ ਸਦੀ ਅਤੇ ਅਕਤੂਬਰ ’ਚ 2.75 ਫੀ ਸਦੀ ਸੀ। ਉਦਯੋਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਅਕਤੂਬਰ 2025 ਵਿਚ ਮਹਿੰਗਾਈ ਦੀ ਨਕਾਰਾਤਮਕ ਦਰ, ਮੁੱਖ ਤੌਰ ਉਤੇ ਖੁਰਾਕੀ ਵਸਤੂਆਂ, ਕੱਚੇ ਪਟਰੌਲੀਅਮ ਅਤੇ ਕੁਦਰਤੀ ਗੈਸ, ਬਿਜਲੀ, ਖਣਿਜ ਤੇਲ ਅਤੇ ਬੁਨਿਆਦੀ ਧਾਤਾਂ ਦੇ ਨਿਰਮਾਣ ਆਦਿ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਹੈ।’’ ਅਕਤੂਬਰ ’ਚ ਖੁਰਾਕੀ ਵਸਤਾਂ ’ਚ ਮਹਿੰਗਾਈ -8.31 ਫੀ ਸਦੀ ਰਹੀ, ਜੋ ਸਤੰਬਰ ’ਚ -5.22 ਫੀ ਸਦੀ ਸੀ।
ਸਬਜ਼ੀਆਂ ’ਚ ਮਹਿੰਗਾਈ ਦਰ ਅਕਤੂਬਰ ’ਚ -34.97 ਫੀ ਸਦੀ ਰਹੀ, ਜੋ ਸਤੰਬਰ ’ਚ -24.41 ਫੀ ਸਦੀ ਸੀ। ਦਾਲਾਂ ’ਚ ਅਕਤੂਬਰ ’ਚ ਮਹਿੰਗਾਈ ਦਰ -16.50 ਫੀ ਸਦੀ, ਆਲੂ ਅਤੇ ਪਿਆਜ਼ ’ਚ ਕ੍ਰਮਵਾਰ -39.88 ਫੀ ਸਦੀ ਅਤੇ -65.43 ਫੀ ਸਦੀ ਰਹੀ। ਨਿਰਮਿਤ ਉਤਪਾਦਾਂ ਦੇ ਮਾਮਲੇ ’ਚ ਮਹਿੰਗਾਈ ਦਰ ਸਤੰਬਰ ’ਚ 2.33 ਫੀ ਸਦੀ ਤੋਂ ਘਟ ਕੇ 1.54 ਫੀ ਸਦੀ ਰਹਿ ਗਈ। ਈਂਧਨ ਅਤੇ ਬਿਜਲੀ ’ਚ ਸਤੰਬਰ ’ਚ 2.58 ਫੀ ਸਦੀ ਦੇ ਮੁਕਾਬਲੇ 2.55 ਫੀ ਸਦੀ ਦੀ ਨਕਾਰਾਤਮਕ ਮਹਿੰਗਾਈ ਦਰਜ ਕੀਤੀ ਗਈ।
ਪ੍ਰਚੂਨ ਅਤੇ ਡਬਲਿਊਪੀਆਈ ਦੋਹਾਂ ਮਹਿੰਗਾਈ ’ਚ ਗਿਰਾਵਟ ਨਾਲ ਭਾਰਤੀ ਰਿਜ਼ਰਵ ਬੈਂਕ ਉਤੇ 3-5 ਦਸੰਬਰ ਨੂੰ ਹੋਣ ਵਾਲੀ ਅਗਲੀ ਮੁਦਰਾ ਨੀਤੀ ਸਮੀਖਿਆ ਬੈਠਕ ’ਚ ਬੈਂਚਮਾਰਕ ਵਿਆਜ ਦਰਾਂ ’ਚ ਕਟੌਤੀ ਕਰਨ ਦਾ ਦਬਾਅ ਪਵੇਗਾ।