Ola ਇਲੈਕਟ੍ਰਿਕ ਨੇ ਐਂਟਰੀ ਲੈਵਲ ਸਕੂਟਰਾਂ ਦੀਆਂ ਕੀਮਤਾਂ ’ਚ ਕੀਤੀ ਵੱਡੀ ਕਟੌਤੀ, ਜਾਣੋ ਨਵੀਂਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਐਂਟਰੀ-ਲੈਵਲ ਮਾਡਲ S1X ਦੀਆਂ ਕੀਮਤਾਂ ’ਚ 5,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਦੀ ਕਟੌਤੀ ਕੀਤੀ ਗਈ

Ola S1X
  • ਕੀਮਤਾਂ ਪਟਰੌਲ ਵਾਲੇ ਸਕੂਟਰ ਨੇੜੇ ਲਿਆਉਣ ਦੀ ਕੋਸ਼ਿਸ਼ ’ਚ ਘਟਾਈਆਂ ਕੀਮਤਾਂ

ਨਵੀਂ ਦਿੱਲੀ, 15 ਅਪ੍ਰੈਲ: ਇਲੈਕਟ੍ਰਿਕ ਦੋਪਹੀਆ ਸਕੂਟਰ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਸੋਮਵਾਰ ਨੂੰ ਅਪਣੇ ਐਂਟਰੀ-ਲੈਵਲ ਮਾਡਲ S1X ਦੀਆਂ ਕੀਮਤਾਂ ’ਚ 5,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਦੀ ਕਟੌਤੀ ਕੀਤੀ ਹੈ। 

ਕੀਮਤ ’ਚ ਇਸ ਕਟੌਤੀ ਨਾਲ ਓਲਾ ਦੇ ਇਲੈਕਟ੍ਰਿਕ ਸਕੂਟਰ ਦੀ ਕੀਮਤ ਹੁਣ ਰਵਾਇਤੀ ਸਕੂਟਰ ਮਾਡਲਾਂ ਦੇ ਆਲੇ-ਦੁਆਲੇ ਪਹੁੰਚ ਗਈ ਹੈ। ਓਲਾ ਨੇ ਇਸ ਸਾਲ ਫ਼ਰਵਰੀ ’ਚ ਐੱਸ1ਐਕਸ ਮਾਡਲ ਨੂੰ 79,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਪੇਸ਼ ਕੀਤਾ ਸੀ। ਇਸ ਦੇ ਸੱਭ ਤੋਂ ਐਡਵਾਂਸਡ ਵੇਰੀਐਂਟ ਦੀ ਕੀਮਤ 109,999 ਰੁਪਏ ਸੀ। 

ਓਲਾ ਇਲੈਕਟ੍ਰਿਕ ਦੇ ਚੀਫ ਮਾਰਕੀਟਿੰਗ ਅਫਸਰ ਅੰਸ਼ੁਲ ਖੰਡੇਲਵਾਲ ਨੇ ਅਪਣੇ ਆਨਲਾਈਨ ਸੰਬੋਧਨ ’ਚ ਕਿਹਾ ਕਿ ਇਸ ਐਂਟਰੀ ਲੈਵਲ ਸਕੂਟਰ ਦੀਆਂ ਕੀਮਤਾਂ ਤੁਰਤ ਪ੍ਰਭਾਵ ਨਾਲ ਘਟਾ ਦਿਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਡਿਲੀਵਰੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਕਟੌਤੀ ਦੇ ਐਲਾਨ ਤੋਂ ਬਾਅਦ ਇਸ ਮਾਡਲ ਦੇ ਸ਼ੁਰੂਆਤੀ ਵੇਰੀਐਂਟ ਦੀ ਕੀਮਤ 69,999 ਰੁਪਏ ਹੋ ਗਈ ਹੈ ਜਦਕਿ ਸੱਭ ਤੋਂ ਐਡਵਾਂਸਡ ਵੇਰੀਐਂਟ ਦੀ ਕੀਮਤ ਹੁਣ 99,999 ਰੁਪਏ ਹੋਵੇਗੀ। 

ਉਨ੍ਹਾਂ ਕਿਹਾ, ‘‘ਸਾਨੂੰ ਲਗਦਾ ਹੈ ਕਿ ਭਾਰਤ ਨੂੰ ਹੋਰ ਬਹੁਤ ਕੁੱਝ ਚਾਹੀਦਾ ਹੈ। ਭਾਰਤ ਨੂੰ ਇਕ ਅਜਿਹੀ ਕੀਮਤ ਦੀ ਲੋੜ ਹੈ ਜਿਸ ’ਤੇ ਖਪਤਕਾਰ ਅਸਲ ’ਚ ਈ.ਵੀ. ਅਪਣਾ ਸਕਣ।’’ 

ਉਨ੍ਹਾਂ ਕਿਹਾ ਕਿ ਇਕ ਲੱਖ ਰੁਪਏ ਦੀ ਔਸਤ ਇਲੈਕਟ੍ਰਿਕ ਸਕੂਟਰ ਦੀ ਕੀਮਤ ਦੇ ਨਾਲ ਖਪਤਕਾਰਾਂ ਤੋਂ ਪ੍ਰਤੀਕਿਰਿਆ ਮਿਲੀ ਹੈ ਕਿ ਉਹ ਇਸ ਬਾਰੇ ਉਦੋਂ ਸੋਚਣਗੇ ਜਦੋਂ ਇਸ ਦੀ ਕੀਮਤ ਪਟਰੌਲ ਸਕੂਟਰ ਦੇ ਬਰਾਬਰ ਹੋਵੇਗੀ। ਇਸ ਰਾਏ ਨੂੰ ਧਿਆਨ ’ਚ ਰਖਦੇ ਹੋਏ ਕੀਮਤਾਂ ’ਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।