ਰਿਲਾਇੰਸ ਕੈਪੀਟਲ ਆਡਿਟ ਮਾਮਲਾ : ਐਨ.ਐਫ.ਆਰ.ਏ. ਨੇ ਆਡਿਟ ਫਰਮ, ਦੋ ਆਡੀਟਰਾਂ ’ਤੇ ਲਗਾਇਆ ਜੁਰਮਾਨਾ 

ਏਜੰਸੀ

ਖ਼ਬਰਾਂ, ਵਪਾਰ

ਸ਼ੱਕੀ ਧੋਖਾਧੜੀ ਅਤੇ ਅਸਤੀਫ਼ਿਆਂ ਦੀ ਰੀਪੋਰਟ ਕਰਨ ਦੇ ਬਾਵਜੂਦ, ਆਡੀਟਰਾਂ ਨੇ ਆਡਿਟਿੰਗ ਦੇ ਮਾਪਦੰਡਾਂ ਦੇ ਤਹਿਤ ਢੁਕਵੀਂ ਪ੍ਰਕਿਰਿਆ ਪੂਰੀ ਨਹੀਂ ਕੀਤੀ

Reliance Capital Audit Case

ਨਵੀਂ ਦਿੱਲੀ: ਨੈਸ਼ਨਲ ਫਾਈਨੈਂਸ਼ੀਅਲ ਰੀਪੋਰਟਿੰਗ ਅਥਾਰਟੀ (ਐੱਨ.ਐੱਫ.ਆਰ.ਏ.) ਨੇ ਇਕ ਆਡਿਟ ਫਰਮ ਅਤੇ ਦੋ ਆਡੀਟਰਾਂ ’ਤੇ ਕੁਲ 4.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਮਾਮਲਾ 2018-19 ਲਈ ਰਿਲਾਇੰਸ ਕੈਪੀਟਲ ਦੀ ਵਿੱਤੀ ਸਥਿਤੀ ਦੇ ਆਡਿਟ ’ਚ ਕਥਿਤ ਖਾਮੀਆਂ ਨਾਲ ਸਬੰਧਤ ਹੈ। 

ਹੁਕਮ ਅਨੁਸਾਰ ਪਾਠਕ ਐਚ.ਡੀ. ਐਂਡ ਐਸੋਸੀਏਟਸ ’ਤੇ 3 ਕਰੋੜ ਰੁਪਏ, ਪਰੀਮਲ ਕੁਮਾਰ ਝਾਅ ’ਤੇ 1 ਕਰੋੜ ਰੁਪਏ ਅਤੇ ਵਿਸ਼ਾਲ ਡੀ ਸ਼ਾਹ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਝਾਅ ਅਤੇ ਸ਼ਾਹ ਨੂੰ ਲੜੀਵਾਰ 10 ਸਾਲ ਅਤੇ 5 ਸਾਲ ਲਈ ਆਡਿਟ ਦੇ ਕੰਮ ਤੋਂ ਵੀ ਰੋਕ ਦਿਤਾ ਗਿਆ ਹੈ। ਝਾਅ ਵਿੱਤੀ ਸਾਲ 2018-19 ਲਈ ਰਿਲਾਇੰਸ ਕੈਪੀਟਲ ਦੇ ਕਾਨੂੰਨੀ ਆਡਿਟ ਲਈ ਇੰਗੇਜਮੈਂਟ ਪਾਰਟਨਰ (ਈ.ਪੀ.) ਸਨ ਅਤੇ ਸ਼ਾਹ ਇੰਗੇਜਮੈਂਟ ਕੁਆਲਿਟੀ ਕੰਟਰੋਲ ਰਿਵਿਊ (ਈ.ਕਿਊ.ਸੀ.ਆਰ.) ਪਾਰਟਨਰ ਸਨ। 

ਸਾਲ 2018-19 ’ਚ ਪ੍ਰਾਈਸ ਵਾਟਰਹਾਊਸ ਐਂਡ ਕੰਪਨੀ ਦਾ ਐਲ.ਐਲ.ਪੀ. (ਪੀ.ਡਬਲਯੂ.) ਅਤੇ ਪਾਠਕ ਐਚ.ਡੀ. ਐਂਡ ਐਸੋਸੀਏਟਸ ਨੇ ਸਾਂਝੇ ਤੌਰ ’ਤੇ ਆਡਿਟ ਕੀਤਾ ਸੀ। ਐਨ.ਐਫ.ਆਰ.ਏ. ਨੇ 12 ਅਪ੍ਰੈਲ ਦੇ ਅਪਣੇ ਹੁਕਮ ’ਚ ਕਿਹਾ ਕਿ ਹੋਰ ਸੰਯੁਕਤ ਆਡੀਟਰਾਂ (ਪੀ.ਡਬਲਯੂ.) ਵਲੋਂ ਸ਼ੱਕੀ ਧੋਖਾਧੜੀ ਅਤੇ ਅਸਤੀਫ਼ਿਆਂ ਦੀ ਰੀਪੋਰਟ ਕਰਨ ਦੇ ਬਾਵਜੂਦ, ਆਡੀਟਰਾਂ ਨੇ ਆਡਿਟਿੰਗ ਦੇ ਮਾਪਦੰਡਾਂ (ਐਸ.ਏ.) ਦੇ ਤਹਿਤ ਢੁਕਵੀਂ ਪ੍ਰਕਿਰਿਆ ਪੂਰੀ ਨਹੀਂ ਕੀਤੀ।