ਸਬਜ਼ੀਆਂ ਅਤੇ ਕੱਚਾ ਤੇਲ ਮਹਿੰਗਾ ਹੋਣ ਕਾਰਨ ਮਾਰਚ ਦੌਰਾਨ ਥੋਕ ਮਹਿੰਗਾਹੀ ਦਰ ’ਚ ਮਾਮੂਲੀ ਵਾਧਾ

ਏਜੰਸੀ

ਖ਼ਬਰਾਂ, ਵਪਾਰ

ਆਲੂ ਦੀ ਮਹਿੰਗਾਈ ਦਰ ਮਾਰਚ 2024 ’ਚ 52.96 ਫੀ ਸਦੀ ਸੀ, ਪਿਆਜ਼ ਦੀ ਮਹਿੰਗਾਈ ਦਰ 56.99 ਫੀ ਸਦੀ ਰਹੀ

inflation

ਨਵੀਂ ਦਿੱਲੀ: ਸਬਜ਼ੀਆਂ, ਆਲੂ, ਪਿਆਜ਼ ਅਤੇ ਕੱਚਾ ਤੇਲ ਮਹਿੰਗਾ ਹੋਣ ਕਾਰਨ ਥੋਕ ਮਹਿੰਗਾਈ ਮਾਰਚ ’ਚ ਮਾਮੂਲੀ ਵਧ ਕੇ 0.53 ਫੀ ਸਦੀ ਹੋ ਗਈ, ਜੋ ਫ਼ਰਵਰੀ ’ਚ 0.20 ਫੀ ਸਦੀ ਸੀ। ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤਕ ਲਗਾਤਾਰ ਨਕਾਰਾਤਮਕ ਪੱਧਰ ਤੋਂ ਹੇਠਾਂ ਰਹੀ ਸੀ। ਨਵੰਬਰ ’ਚ ਇਹ 0.26 ਫੀ ਸਦੀ ਸੀ। ਦਸੰਬਰ 2022 ’ਚ ਇਹ 5.02 ਫੀ ਸਦੀ ਦੇ ਪੱਧਰ ’ਤੇ ਸੀ। 

ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਆਲ ਇੰਡੀਆ ਹੋਲਸੇਲ ਪ੍ਰਾਈਸ ਇੰਡੈਕਸ (ਡਬਲਿਊ.ਪੀ.ਆਈ.) ਦੇ ਅੰਕੜਿਆਂ ਦੇ ਆਧਾਰ ’ਤੇ ਮਹਿੰਗਾਈ ਦੀ ਸਾਲਾਨਾ ਦਰ ਮਾਰਚ 2024 ’ਚ 0.53 ਫੀ ਸਦੀ (ਅਸਥਾਈ) ਰਹੀ। 

ਮਾਰਚ 2023 ’ਚ ਆਲੂ ਦੀ ਮਹਿੰਗਾਈ ਦਰ 25.59 ਫੀ ਸਦੀ ਰਹੀ, ਜੋ ਮਾਰਚ 2024 ’ਚ 52.96 ਫੀ ਸਦੀ ਸੀ। ਪਿਆਜ਼ ਦੀ ਮਹਿੰਗਾਈ ਦਰ 56.99 ਫੀ ਸਦੀ ਰਹੀ ਜੋ ਮਾਰਚ 2023 ’ਚ -36.83 ਫੀ ਸਦੀ ਸੀ। ਅੰਕੜਿਆਂ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਇਸ ਸਾਲ ਮਾਰਚ ’ਚ ਕੱਚੇ ਪਟਰੌਲੀਅਮ ਖੇਤਰ ’ਚ ਮਹਿੰਗਾਈ 10.26 ਫੀ ਸਦੀ ਵਧੀ।

ਹਾਲਾਂਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਪ੍ਰਚੂਨ ਮਹਿੰਗਾਈ ਦਰ ਇਸ ਸਾਲ ਮਾਰਚ ’ਚ ਘੱਟ ਕੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ 4.85 ਫੀ ਸਦੀ ’ਤੇ ਆ ਗਈ। ਪ੍ਰਚੂਨ ਜਾਂ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਮਹਿੰਗਾਈ ਮਾਰਚ ਵਿਚ ਵਧ ਕੇ 5.66 ਫ਼ੀ ਸਦੀ ਹੋ ਗਈ। ਫ਼ਰਵਰੀ ’ਚ ਇਹ 5.09 ਫੀ ਸਦੀ ਸੀ। ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਵਲੋਂ ਪਿਛਲੇ ਹਫਤੇ ਜਾਰੀ ਅੰਕੜਿਆਂ ਮੁਤਾਬਕ ਮਾਰਚ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 8.52 ਫੀ ਸਦੀ ਰਹੀ, ਜੋ ਫ਼ਰਵਰੀ ’ਚ 8.66 ਫੀ ਸਦੀ ਸੀ।