ਮਹਿੰਗੇ ਪਟਰੌਲ ਤੇ ਫਲਾਂ ਕਾਰਨ ਵਧੀ ਮਹਿੰਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਪ੍ਰੈਲ ਵਿਚ ਵੱਧ ਕੇ 3.18 ਫ਼ੀ ਸਦੀ ਹੋਈ, ਸੱਭ ਤੋਂ ਉਪਰਲਾ ਪੱਧਰ

Petrol-Diesel Prices hiked

ਨਵੀਂ ਦਿੱਲੀ, ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਫਲਾਂ ਸਬਜ਼ੀਆਂ ਮਹਿੰਗੀਆਂ ਹੋਣ ਨਾਲ ਥੋਕ ਮੁਲ ਆਧਾਰਤ ਮੁਦਰਾ ਪਸਾਰ ਅਪ੍ਰੈਲ ਮਹੀਨੇ ਵਿਚ ਵੱਧ ਕੇ 3.18 ਫ਼ੀ ਸਦੀ ਹੋ ਗਈ ਹੈ। ਇਹ ਇਸ ਦਾ ਚਾਰ ਮਹੀਨੇ ਦਾ ਸੱਭ ਤੋਂ ਉਪਰਲਾ ਪੱਧਰ ਹੈ। ਥੋਕ ਮੁਲ ਸੂਚਕ ਅੰਕ ਆਧਾਰਤ ਮੁਦਰਾ ਪਸਾਰ ਮਾਰਚ ਵਿਚ 2.47 ਫ਼ੀ ਸਦੀ ਅਤੇ ਪਿਛਲੇ ਸਾਲ ਅਪ੍ਰੈਲ ਵਿਚ 3.85 ਫ਼ੀ ਸਦੀ ਰਿਹਾ ਸੀ। ਥੋਕ ਮੁਦਰਾ ਪਸਾਰ ਵਿਚ ਦਸੰਬਰ 2017 ਤੋਂ ਹੀ ਗਿਰਾਵਟ ਦਾ ਰੁਖ਼ ਸੀ ਪਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਅਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਮੌਸਮੀ ਵਾਧੇ ਕਾਰਨ ਅਪ੍ਰੈਲ ਵਿਚ ਇਸ ਵਿਚ ਤੇਜ਼ੀ ਆਈ। ਪਹਿਲਾਂ ਥੋਕ ਮੁਦਰਾ ਪਸਾਰ ਦਾ ਇਸ ਤੋਂ ਉੱਚਾ ਪੱਧਰ ਦਸੰਬਰ ਵਿਚ ਸੀ ਜਦ ਇਹ 3.58 ਫ਼ੀ ਸਦੀ ਸੀ। 

ਅੱਜ ਜਾਰੀ ਹੋਏ ਸਰਕਾਰੀ ਅੰਕੜਿਆਂ ਮੁਤਾਬਕ ਖਾਧ ਪਦਾਰਥਾਂ ਦੀ ਮੁਦਰਾ ਪਸਾਰ ਅਪ੍ਰੈਲ 2018 ਵਿਚ 0.87 ਫ਼ੀ ਸਦੀ ਰਿਹਾ। ਪਿਛਲੇ ਮਹੀਨੇ ਖਾਧ ਪਦਾਰਥਾਂ ਦੀਆਂ ਥੋਕ ਕੀਮਤਾਂ 0.29 ਫ਼ੀ ਸਦੀ ਘਟੀਆਂ ਸਨ। ਅਪ੍ਰੈਲ ਮਹੀਨੇ ਵਿਚ ਸਬਜ਼ੀਆਂ ਦੀਆਂ ਕੀਮਤਾਂ 0.89 ਘਟੀਆਂ ਰਹੀਆਂ ਜਦਕਿ ਇਸ ਤੋਂ ਪਹਿਲੇ ਮਹੀਨੇ ਵਿਚ ਇਹ 2.70 ਸੀ। ਫਲਾਂ ਦੀਆਂ ਕੀਮਤਾਂ ਅਪ੍ਰੈਲ ਵਿਚ 19.47 ਫ਼ੀ ਸਦੀ ਉੱਚੀਆਂ ਰਹੀਆਂ ਜਦਕਿ ਇਸ ਤੋਂ ਪਿਛਲੇ ਮਹੀਨੇ ਵਿਚ ਇਨ੍ਹਾਂ ਦੀਆਂ ਕੀਮਤਾਂ ਸਾਲਾਨਾ ਆਧਾਰ 'ਤੇ 9.26 ਫ਼ੀ ਸਦੀ ਉੱਚੀਆਂ ਸਨ। ਸੰਸਾਰ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਵਿਚਕਾਰ ਘਰੇਲੂ ਤੇਲ ਕੀਮਤਾਂ ਵਿਚ ਵਾਧੇ ਦਾ ਅਸਰ ਇਸ ਦੌਰਾਨ ਰਿਹਾ।  (ਏਜੰਸੀ)