ਥੋਕ ਮਹਿੰਗਾਈ ਜੂਨ ’ਚ ਘੱਟ ਕੇ 12.07 ਫ਼ੀਸਦ ’ਤੇ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਖਾਧ ਪਦਾਰਥਾਂ, ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ

Wholesale inflation

ਨਵੀਂ ਦਿੱਲੀ : ਕੱਚੇ ਤੇਲ ਅਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਨਰਮੀ ਕਾਰਨ ਥੋਕ ਕੀਮਤਾਂ ’ਤੇ ਅਧਾਰਤ ਮਹਿੰਗਾਈ ਦਰ ਜੂਨ ਵਿਚ ਮਾਮੂਲੀ ਗਿਰਾਵਟ ਨਾਲ 12.07 ਫ਼ੀਸਦ ’ਤੇ ਆ ਗਈ। ਮਈ ਵਿਚ ਇਹ ਰਿਕਾਰਡ ਉੱਚ ਪੱਧਰ 12.94 ਫ਼ੀਸਦ ’ਤੇ ਪਹੁੰਚ ਗਈ ਸੀ। ਜੂਨ ਵਿਚ ਲਗਾਤਾਰ ਤੀਜੇ ਮਹੀਨੇ ਥੋਕ ਮਹਿੰਗਾਈ ਦਰ ਦੋਹਰੇ ਅੰਕਾਂ ਵਿਚ ਰਹੀ, ਜਿਸ ਦਾ ਮੁੱਖ ਕਾਰਨ ਪਿਛਲੇ ਸਾਲ ਦਾ ਘੱਟ ਆਧਾਰ ਹੈ।

 ਵਣਜ ਮੰਤਰਾਲੇ ਨੇ ਕਿਹਾ ਕਿ ਜੂਨ 2020 ਵਿਚ ਡਬਲਿਊ. ਪੀ. ਆਈ. ਮਹਿੰਗਾਈ ਦਰ 1.81 ਫ਼ੀਸਦ ਸੀ। ਮੈਨੂਫ਼ੈਕਚਰਡ ਪ੍ਰਡਾਕਟਸ ਦੀ ਮਹਿੰਗਾਈ ਬਣੀ ਰਹਿਣ ਦੇ ਬਾਵਜੂਦ ਖਾਧ ਪਦਾਰਾਥਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਕਾਰਨ ਲਗਾਤਾਰ ਪੰਜ ਮਹੀਨਿਆਂ ਦੀ ਤੇਜ਼ੀ ਤੋਂ ਬਾਅਦ ਜੂਨ ਵਿਚ ਥੋਕ ਮੁੱਲ ਸੂਚਕਅੰਕ (ਡਬਲਿਊ. ਪੀ. ਆਈ.) ਅਧਾਰਤ ਮਹਿੰਗਾਈ ਦਰ ਵਿਚ ਨਰਮੀ ਆਈ।

ਵਣਜ ਮੰਤਰਾਲਾ ਨੇ ਬਿਆਨ ਵਿਚ ਕਿਹਾ, “ਮਹਿੰਗਾਈ ਦੀ ਸਾਲਾਨਾ ਦਰ ਜੂਨ 2021 ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 12.07 ਫ਼ੀਸਦ ਰਹੀ, ਜੋ ਜੂਨ 2020 ਵਿਚ 1.81 ਫ਼ੀਸਦ ਸੀ।’’ ਬਿਆਨ ਵਿਚ ਕਿਹਾ ਗਿਆ ਜੂਨ 2021 ਵਿਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ ’ਤੇ ਘੱਟ ਆਧਾਰ ਪ੍ਰਭਾਵ, ਪਟਰੌਲ, ਡੀਜ਼ਲ, ਨੇਫ਼ਥਾ, ਏ. ਟੀ. ਐਫ਼., ਫਰਨੈਸ ਆਇਲ ਵਰਗੇ ਖਣਿਜ ਤੇਲਾਂ ਅਤੇ ਮੂਲ ਧਾਤੂ, ਖ਼ੁਰਾਕੀ ਉਤਪਾਦ, ਰਸਾਇਣਕ ਉਤਪਾਦ ਵਰਗੇ ਬਣੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੈ।