ਡੋਲੋ-650 ਦੀ ਵਿਕਰੀ ਵਧਾਉਣ ਲਈ ਵੰਡੇ 1000 ਕਰੋੜ ਦੇ ਤੋਹਫ਼ੇ, CBDT ਨੇ ਕੀਤਾ ਖ਼ੁਲਾਸਾ  

ਏਜੰਸੀ

ਖ਼ਬਰਾਂ, ਵਪਾਰ

ਵਿਭਾਗ ਨੇ 1.20 ਕਰੋੜ ਰੁਪਏ ਦੀ ਨਕਦੀ ਅਤੇ 1.40 ਕਰੋੜ ਰੁਪਏ ਦੇ ਗਹਿਣੇ ਕੀਤੇ ਜ਼ਬਤ 

1000 crore gifts distributed to increase sales of Dolo 650, reveals CBDT

ਨਵੀਂ ਦਿੱਲੀ : ਡੋਲੋ-650  ਦਵਾਈ ਬਣਾਉਣ ਵਾਲੀ ਕੰਪਨੀ ਮਾਈਕਰੋ ਲੈਬਜ਼ ਬਾਰੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਕੰਪਨੀ ‘ਤੇ ਇਨਕਮ ਟੈਕਸ ਵਿਭਾਗ ਦੀ ਲਗਾਮ ਕੱਸਣ ਤੋਂ ਬਾਅਦ ਹੁਣ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਦੀ ਜਾਂਚ 'ਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। CBDT ਨੇ ਡੋਲੋ-650 ਨਿਰਮਾਤਾ 'ਤੇ ਡਾਕਟਰਾਂ ਅਤੇ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਆਪਣੇ ਉਤਪਾਦ ਦਾ ਪ੍ਰਚਾਰ ਕਰਨ ਦੇ ਬਦਲੇ 1,000 ਕਰੋੜ ਰੁਪਏ ਦੇ ਮੁਫ਼ਤ ਤੋਹਫ਼ੇ ਦੇਣ ਦਾ ਦੋਸ਼ ਲਗਾਇਆ ਹੈ।

ਇਨਕਮ ਟੈਕਸ ਵਿਭਾਗ ਨੇ 6 ਜੁਲਾਈ ਨੂੰ ਬੈਂਗਲੁਰੂ ਸਥਿਤ ਮਾਈਕ੍ਰੋ ਲੈਬਜ਼ ਲਿਮਟਿਡ ਦੇ 9 ਰਾਜਾਂ ‘ਚ 36 ਟਿਕਾਣਿਆਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਫਾਰਮਾਸਿਊਟੀਕਲ ਕੰਪਨੀ ਵਿਰੁੱਧ ਕਾਰਵਾਈ ਕਰਨ ਤੋਂ ਬਾਅਦ, ਵਿਭਾਗ ਨੇ 1.20 ਕਰੋੜ ਰੁਪਏ ਦੀ ਅਣਦੱਸੀ ਨਕਦੀ ਅਤੇ 1.40 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਜ਼ਬਤ ਕੀਤੇ ਹਨ।

ਇਸ ਸਬੰਧੀ ਮਾਈਕਰੋ ਲੈਬਜ਼ ਨੂੰ ਭੇਜੀ ਗਈ ਈ-ਮੇਲ ਦਾ ਫਿਲਹਾਲ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਕਿਹਾ, “ਸਰਚ ਆਪਰੇਸ਼ਨ ਦੌਰਾਨ ਦਸਤਾਵੇਜ਼ਾਂ ਅਤੇ ਡਿਜੀਟਲ ਡੇਟਾ ਦੇ ਰੂਪ ਵਿੱਚ ਇਤਰਾਜ਼ਯੋਗ ਸਬੂਤ ਮਿਲੇ ਹਨ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।” ਬੋਰਡ ਮੁਤਾਬਕ, ‘ਸਬੂਤ ਦੱਸਦੇ ਹਨ ਕਿ ਕੰਪਨੀ ਨੇ ਆਪਣੇ ਉਤਪਾਦ ਨੂੰ ਪ੍ਰਮੋਟ ਕਰਨ ਲਈ ਗਲਤ ਸਾਧਨਾਂ ਦਾ ਵੀ ਸਹਾਰਾ ਲਿਆ। ਇਸ ਤਰ੍ਹਾਂ ਦੇ ਮੁਫ਼ਤ ਦੀ ਰਕਮ 1,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

 ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਹਾਲਾਂਕਿ ਆਪਣੇ ਬਿਆਨ ਵਿੱਚ ਸਮੂਹ ਦੀ ਪਛਾਣ ਨਹੀਂ ਕੀਤੀ। ਪਰ ਸੂਤਰਾਂ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗਰੁੱਪ ਮਾਈਕਰੋ ਲੈਬ ਹੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ‘ਚ ਮਾਈਕਰੋ ਲੈਬ ਦੇ ਡੋਲੋ-650 ਟੈਬਲੇਟ ਦੀ ਵਿਕਰੀ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਡੋਲੋ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੂਤਰਾਂ ਅਨੁਸਾਰ ਕੰਪਨੀ ਨੇ ਕੋਵਿਡ 19 ਦੇ ਮਾਮਲੇ ਤੋਂ ਬਾਅਦ 2020 ਵਿੱਚ 350 ਕਰੋੜ ਟੈਬਲੇਟ ਵੇਚੇ ਹਨ ਅਤੇ ਇੱਕ ਸਾਲ ਵਿੱਚ 400 ਕਰੋੜ ਰੁਪਏ ਕਮਾਏ ਹਨ।