ਭਾਰਤ ਅਮਰੀਕਾ ਨੂੰ ਮਹਿੰਗੇ ਬਾਸਮਤੀ ਚੌਲ ਨਿਰਯਾਤ ਕਰਦਾ ਹੈ, ‘ਡੰਪਿੰਗ' ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਵਣਜ ਸਕੱਤਰ
ਕਿਹਾ, ਅਮਰੀਕਾ ਵਲੋਂ ਕੋਈ ਡੰਪਿੰਗ ਜਾਂਚ ਸ਼ੁਰੂ ਨਹੀਂ ਕੀਤੀ ਗਈ
ਨਵੀਂ ਦਿੱਲੀ : ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਮੁੱਖ ਤੌਰ ਉਤੇ ਮਹਿੰਗੇ ਬਾਸਮਤੀ ਚੌਲ ਅਮਰੀਕਾ ਨੂੰ ਨਿਰਯਾਤ ਕਰਦਾ ਹੈ ਅਤੇ ਅਮਰੀਕੀ ਬਾਜ਼ਾਰ ’ਚ ਇਸ ਦੀ ‘ਡੰਪਿੰਗ’ ਸੁੱਟਣ ਦਾ ਕੋਈ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਭਾਰਤੀ ਚੌਲਾਂ ਉਤੇ 50 ਫੀ ਸਦੀ ਟੈਰਿਫ ਹੈ।
ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ, ‘‘ਅਸੀਂ ਮੁੱਖ ਤੌਰ ਉਤੇ ਅਮਰੀਕਾ ਨੂੰ ਬਾਸਮਤੀ ਚੌਲ ਨਿਰਯਾਤ ਕਰਦੇ ਹਾਂ, ਜੋ ਕਿ ਇਕ ਜੀ.ਆਈ. ਉਤਪਾਦ ਹੈ। ਸਾਡੀ 80 ਫ਼ੀ ਸਦੀ ਤੋਂ ਵੱਧ ਬਰਾਮਦ ਬਾਸਮਤੀ ਚੌਲ ਹੈ। ਅਸੀਂ ਬਹੁਤ ਘੱਟ ਗੈਰ-ਬਾਸਮਤੀ ਚਿੱਟੇ ਚੌਲਾਂ ਦਾ ਨਿਰਯਾਤ ਕਰਦੇ ਹਾਂ। ਅਮਰੀਕਾ ਵਿਚ ਸਾਡੇ ਬਾਸਮਤੀ ਚੌਲ ਦੇ ਨਿਰਯਾਤ ਦੀਆਂ ਕੀਮਤਾਂ ਆਮ ਨਿਰਯਾਤ ਕੀਮਤਾਂ ਨਾਲੋਂ ਬਹੁਤ ਉੱਚੀਆਂ ਹਨ। ਇਸ ਲਈ ਪਹਿਲੀ ਨਜ਼ਰੇ ਅਮਰੀਕਾ ’ਚ ਡੰਪਿੰਗ ਦਾ ਕੋਈ ਮਾਮਲਾ ਨਹੀਂ ਹੈ।’’
ਅਗਰਵਾਲ ਨੇ ਕਿਹਾ ਕਿ ਅਮਰੀਕਾ ਵਲੋਂ ਕੋਈ ਡੰਪਿੰਗ ਜਾਂਚ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ’ਚ ਚੌਲਾਂ ਦੀ ‘ਡੰਪਿੰਗ’ ਨਹੀਂ ਕਰਨੀ ਚਾਹੀਦੀ ਅਤੇ ਉਹ ਇਸ ਦਾ ਧਿਆਨ ਰਖਣਗੇ। ਉਸ ਨੇ ਇਹ ਵੀ ਸੰਕੇਤ ਦਿਤਾ ਕਿ ਭਾਰਤ ਨੂੰ ਚੌਲ ਉਤੇ ਵਧੇਰੇ ਟੈਰਿਫ ਅਦਾ ਕਰਨਾ ਪੈ ਸਕਦਾ ਹੈ।