PayTM ਜ਼ਰੀਏ ਚਲਦਾ ਰਹੇਗਾ ਦੁਕਾਨਦਾਰਾਂ ਦਾ ਲੈਣ-ਦੇਣ, Axis Bank ਨਾਲ ਹੋਇਆ ਸਮਝੌਤਾ
PayTM ਨੇ ਅਪਣਾ ਮੁੱਖ ਖਾਤਾ PayTM ਪੇਮੈਂਟਸ ਬੈਂਕ ਤੋਂ Axis Bank ’ਚ ਤਬਦੀਲ ਕੀਤਾ
ਨਵੀਂ ਦਿੱਲੀ: PayTM ਬ੍ਰਾਂਡ ਨੂੰ ਚਲਾਉਣ ਵਾਲੀ ਵਿੱਤ ਤਕਨਾਲੋਜੀ ਫਰਮ ਵਨ97 ਕਮਿਊਨੀਕੇਸ਼ਨਜ਼ ਨੇ ਅਪਣਾ ਨੋਡਲ ਖਾਤਾ ਰੈਗੂਲੇਟਰੀ ਕਾਰਵਾਈ ’ਚ ਫਸੇ PayTM ਪੇਮੈਂਟਸ ਬੈਂਕ ਤੋਂ Axis Bank ’ਚ ਤਬਦੀਲ ਕਰ ਦਿਤਾ ਹੈ।
PayTM ਦਾ ਨੋਡਲ ਖਾਤਾ ਇਕ ਮਾਸਟਰ ਖਾਤੇ ਵਰਗਾ ਹੈ ਜਿਸ ’ਚ ਇਸ ਦੇ ਸਾਰੇ ਗਾਹਕਾਂ ਅਤੇ ਵਪਾਰੀਆਂ ਦੇ ਲੈਣ-ਦੇਣ ਦਾ ਨਿਪਟਾਰਾ ਕੀਤਾ ਜਾਂਦਾ ਹੈ। ਕੰਪਨੀ ਨੇ ਸ਼ੁਕਰਵਾਰ ਸ਼ਾਮ ਨੂੰ ਸ਼ੇਅਰ ਬਾਜ਼ਾਰ ਨੂੰ ਇਸ ਦੀ ਜਾਣਕਾਰੀ ਦਿਤੀ। ਕੰਪਨੀ ਨੇ ਇਹ ਕਦਮ 15 ਮਾਰਚ ਤੋਂ ਬਾਅਦ PayTM ਪੇਮੈਂਟਸ ਬੈਂਕ ਖਾਤਿਆਂ ’ਚ ਜਮ੍ਹਾਂ ਅਤੇ ਲੈਣ-ਦੇਣ ਨੂੰ ਰੋਕਣ ਦੇ RBI ਦੇ ਹੁਕਮਾਂ ਤੋਂ ਬਾਅਦ ਚੁਕਿਆ ਹੈ। PayTM ਅਪਣੀ ਸਹਾਇਕ ਕੰਪਨੀ PayTM ਪੇਮੈਂਟਸ ਬੈਂਕ ਲਿਮਟਿਡ (PPBL) ’ਚ ਅਪਣਾ ਮੁੱਖ ਖਾਤਾ ਚਲਾ ਰਹੀ ਹੈ। ਪਰ RBI ਦੀ ਸਖਤੀ ਤੋਂ ਬਾਅਦ PayTM ਦੇ ਸੁਚਾਰੂ ਕੰਮਕਾਜ ਨੂੰ ਲੈ ਕੇ ਵੀ ਸ਼ੱਕ ਪੈਦਾ ਹੋ ਗਿਆ ਸੀ। ਪਰ ਵਨ97 ਕਮਿਊਨੀਕੇਸ਼ਨਜ਼ ਤੋਂ ਐਕਸਿਸ ਬੈਂਕ ’ਚ ਤਬਦੀਲ ਹੋਣ ਨਾਲ ਸਥਿਤੀ ਸਪੱਸ਼ਟ ਹੋ ਗਈ ਹੈ।
ਇਹ ਕਦਮ 15 ਮਾਰਚ ਤੋਂ ਬਾਅਦ PayTM QR ਸਾਊਂਡਬਾਕਸ ਕਾਰਡ ਮਸ਼ੀਨ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਵੇਗਾ। PayTM ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਨੇ ਦੁਕਾਨਦਾਰਾਂ ਦੇ ਨਿਰਵਿਘਨ ਲੈਣ-ਦੇਣ ਨੂੰ ਜਾਰੀ ਰੱਖਣ ਲਈ ਅਪਣਾ ਮੁੱਖ ਖਾਤਾ Axis Bank ’ਚ ਟਰਾਂਸਫਰ ਕਰ ਦਿਤਾ ਹੈ। ਇਸ ਵਿਵਸਥਾ ਨਾਲ ਨਵੇਂ ਖਾਤੇ PayTM ਪੇਮੈਂਟਸ ਬੈਂਕ ਨਾਲ ਜੁੜੇ ਖਾਤੇ ਦੀ ਥਾਂ ਲੈਣ ਦੀ ਉਮੀਦ ਹੈ।
ਕੰਪਨੀ ਨੇ ਕਿਹਾ ਕਿ ਵਨ97 ਕਮਿਊਨੀਕੇਸ਼ਨਜ਼ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ PayTM ਪੇਮੈਂਟ ਸਰਵਿਸਿਜ਼ ਲਿਮਟਿਡ (PPSL) ਪਹਿਲਾਂ ਹੀ ਐਕਸਿਸ ਬੈਂਕ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ। ਇਸ ਤੋਂ ਪਹਿਲਾਂ RBI ਨੇ ਕਿਹਾ ਸੀ ਕਿ ਜੇ PayTM ਕਿਊਆਰ ਕੋਡ, PayTM ਸਾਊਂਡਬਾਕਸ ਜਾਂ PayTM ਪੀ.ਓ.ਐਸ. ਟਰਮੀਨਲ ਨੂੰ PPBL ਦੀ ਬਜਾਏ ਦੂਜੇ ਬੈਂਕਾਂ ਨਾਲ ਜੋੜਿਆ ਜਾਂਦਾ ਹੈ ਤਾਂ ਉਹ 15 ਮਾਰਚ ਤੋਂ ਬਾਅਦ ਵੀ ਕੰਮ ਕਰਦੇ ਰਹਿਣਗੇ।