Yes Bank Case- ਅਨਿਲ ਅੰਬਾਨੀ ਨੂੰ ਈਡੀ ਦਾ ਸੰਮਨ, ਪੁੱਛਗਿੱਛ ਲਈ ਦਫ਼ਤਰ ਸੱਦਿਆ

ਏਜੰਸੀ

ਖ਼ਬਰਾਂ, ਵਪਾਰ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਸੰਮਨ ਜਾਰੀ ਕੀਤਾ ਹੈ।

Photo

ਮੁੰਬਈ: ਯੈੱਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਖ਼ਿਲਾਫ਼ ਜਾਰੀ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਵੀ ਸੰਮਨ ਜਾਰੀ ਕੀਤਾ ਹੈ। ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਈਡੀ ਦੇ ਅਫ਼ਸਰਾਂ ਨੇ ਦੱਸਿਆ ਕਿ ਅਨਿਲ ਅੰਬਾਨੀ ਨੂੰ ਸੋਮਵਾਰ ਨੂੰ ਮੁੰਬਈ ਸਥਿਤ ਦਫ਼ਤਰ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੰਕਟ ਵਿਚ ਘਿਰੇ ਯੈੱਸ ਬੈਂਕ ਤੋਂ ਵੱਡੇ ਪੱਧਰ ‘ਤੇ ਕਰਜ਼ਾ ਲੈਣ ਵਾਲੀਆਂ ਕੰਪਨੀਆਂ ਵਿਚ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਇਸ ਗਰੁੱਪ ਦੀ ਅਗਵਾਈ ਅਨਿਲ ਅੰਬਾਨੀ ਕਰਦੇ ਹਨ।

ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਈਡੀ ਵੱਲੋਂ ਨਵੀਂ ਤਰੀਕ ਦਿੱਤੀ ਜਾ ਸਕਦੀ ਹੈ। ਦੱਸ ਦਈਏ ਕਿ ਰਿਲਾਇੰਸ ਗਰੁੱਪ ‘ਤੇ ਯੈੱਸ ਬੈਂਕ ਦਾ 12 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਬਕਾਇਆ ਹੈ। ਯੈੱਸ ਬੈਂਕ ‘ਤੇ ਆਰਬੀਆਈ  ਕੰਟਰੋਲ ਤੋਂ ਬਾਅਦ ਰਿਲਾਇੰਸ ਗਰੁੱਪ ਨੂੰ ਦਿੱਤੇ ਗਏ ਲੋਨ ‘ਤੇ ਸਵਾਲ ਚੁੱਕੇ ਗਏ ਸੀ।

ਇਸ ‘ਤੇ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਨੇ ਕਿਹਾ ਸੀ ਕਿ ਸਾਡੇ ਕੋਲ ਯੈੱਸ ਬੈਂਕ ਦਾ ਲੋਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਜਾਇਦਾਦ ਵੇਚ ਕੇ ਵੀ ਅਸੀਂ ਕਰਜ਼ਾ ਚੁਕਾਵਾਂਗੇ। ਸੂਤਰਾਂ ਮੁਤਾਬਕ ਅਨਿਲ ਅੰਬਾਨੀ ਕੋਲੋਂ ਉਹਨਾਂ ਦੀ ਕੰਪਨੀ ਵੱਲੋਂ ਲਏ ਗਏ ਲੋਨ, ਨਿਯਮ ਅਤੇ ਸ਼ਰਤਾਂ ਅਤੇ ਹੋਰ ਸਮਝੌਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਰਮਾਣ ਖੇਤਰ ਲਈ ਅਨਿਲ ਅੰਬਾਨੀ ਦੀਆਂ ਕੰਪਨੀਆਂ ਨੇ ਯੈੱਸ ਬੈਂਕ ਤੋਂ ਵੱਡੇ ਪੱਧਰ ‘ਤੇ ਲੋਨ ਲਿਆ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 6 ਮਾਰਚ ਨੂੰ ਅਪਣੀ ਪ੍ਰੈਸ ਕਾਨਫਰੰਸ ਵਿਚ ਯੈੱਸ ਬੈਂਕ ਦੇ ਵੱਡੇ ਬਕਾਏਦਾਰਾਂ ਦੇ ਨਾਂਅ ਉਜਾਗਰ ਕੀਤੇ ਸੀ।