ਥੋਕ ਮੁੱਲ ਸੂਚਕ ਮਹਿੰਗਾਈ ਦਰ 11 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਨਵਰੀ ਦੌਰਾਨ 2.13 ਫੀਸਦੀ ਦਰ ’ਤੇ ਪਹੁੰਚੀ, ਖਾਣ-ਪੀਣ ਵਾਲੀਆਂ ਅਤੇ ਗੈਰ-ਖਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵਧੀ ਦਰ

Wholesale Price Index inflation rate at 11-month high

ਨਵੀਂ ਦਿੱਲੀ: ਦੇਸ਼ ਅੰਦਰ ਫਰਵਰੀ ਮਹੀਨੇ ਦੌਰਾਨ ਥੋਕ ਮੁੱਲ ਸੂਚਕ (WPI) ਅਧਾਰਿਤ ਮਹਿੰਗਾਈ 2.13 ਫੀਸਦੀ ਦਰ ’ਤੇ ਪਹੁੰਚ ਗਈ ਹੈ, ਜੋ ਪਿਛਲੇ 11 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਖਾਣ-ਪੀਣ ਵਾਲੀਆਂ ਅਤੇ ਗੈਰ-ਖਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਹ ਦਰ ਵਧੀ ਹੈ, ਹਾਲਾਂਕਿ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਦਰਜ ਕੀਤੀ ਗਈ ਹੈ।

ਉਦਯੋਗ ਮੰਤਰਾਲੇ ਨੇ ਕਿਹਾ, ‘‘ਫਰਵਰੀ 2026 ਵਿੱਚ ਦਰਜ ਕੀਤੀ ਗਈ ਸਕਾਰਾਤਮਕ ਮਹਿੰਗਾਈ ਮੁੱਖ ਤੌਰ ’ਤੇ ਮੂਲ ਧਾਤਾਂ, ਗੈਰ-ਖਾਣ ਵਾਲੀਆਂ ਵਸਤੂਆਂ, ਖਾਣ ਵਾਲੀਆਂ ਵਸਤੂਆਂ ਅਤੇ ਕਪੜੇ ਆਦਿ ਦੀਆਂ ਕੀਮਤਾਂ ਵਧਣ ਕਾਰਨ ਹੈ।’’ ਹਾਲਾਂਕਿ ਸਬਜ਼ੀਆਂ ਦੇ ਮਾਮਲੇ ’ਚ, ਮਹਿੰਗਾਈ ਫ਼ਰਵਰੀ ’ਚ 4.73 ਫ਼ੀ ਸਦੀ ਹੋ ਗਈ ਜੋ ਜਨਵਰੀ ’ਚ 6.78 ਫ਼ੀ ਸਦੀ ਸੀ, ਪਰ ਦਾਲਾਂ, ਆਲੂਆਂ ਅਤੇ ਆਂਡਿਆਂ, ਮੀਟ ਅਤੇ ਮੱਛੀ ਦੀਆਂ ਕੀਮਤਾਂ ’ਚ ਵਾਧਾ ਦਰਜ ਕੀਤਾ ਗਿਆ।
ਵਿਦੇਸ਼ੀ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਮਹੀਨਿਆਂ ਵਿੱਚ WPI ਹੋਰ ਵਧ ਸਕਦੀ ਹੈ। ਬਾਰਕਲੇਜ਼ ਨੇ ਆਪਣੇ ਨੋਟ ਵਿੱਚ ਲਿਖਿਆ, ‘‘ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾਣ ਨਾਲ, ਇਸ ਦਾ ਸਿੱਧਾ ਪ੍ਰਭਾਵ WPI ’ਤੇ ਪਵੇਗਾ।’’

ਇੰਡੀਆ ਰੇਟਿੰਗਜ਼ ਐਂਡ ਰਿਸਰਚ ਦੇ ਮੁੱਖ ਅਰਥਸ਼ਾਸਤਰੀ ਦੇਵੇਂਦਰ ਪੰਤ ਨੇ ਕਿਹਾ, ‘‘ਅਮਰੀਕਾ-ਇਰਾਨ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਥੋਕ ਮਹਿੰਗਾਈ ਮਾਰਚ ਮਹੀਨੇ ਵਿੱਚ 3.7 ਫੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ।’’

ਫਰਵਰੀ ਮਹੀਨੇ ਵਿੱਚ ਗੈਰ-ਖਾਣ ਵਾਲੀਆਂ ਵਸਤੂਆਂ ਦੀ ਮਹਿੰਗਾਈ 8.80 ਫੀਸਦੀ ਦਰਜ ਕੀਤੀ ਗਈ, ਜਦਕਿ ਪਿਛਲੇ ਮਹੀਨੇ ਇਹ 7.58 ਫੀਸਦੀ ਸੀ। ਪੀ.ਐਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਰਾਜੀਵ ਜੂਨੇਜਾ ਨੇ ਕਿਹਾ, “ਜੀਓਪਾਲੀਟਿਕਲ ਖ਼ਤਰੇ ਦੇ ਮੱਦੇਨਜ਼ਰ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ, ਲਾਜਿਸਟਿਕ ਖ਼ਰਚੇ ਘਟਾਉਣਾ ਅਤੇ ਘਰੇਲੂ ਉਤਪਾਦਨ ਨੂੰ ਸਹਾਇਤਾ ਦੇਣਾ ਬਹੁਤ ਜ਼ਰੂਰੀ ਹੈ।”

ਰਿਟੇਲ ਮਹਿੰਗਾਈ ਵੀ ਫਰਵਰੀ ਵਿੱਚ 3.2 ਫੀਸਦੀ ਦਰਜ ਕੀਤੀ ਗਈ ਹੈ, ਜੋ ਜਨਵਰੀ ਦੇ 2.75 ਫੀਸਦੀ ਨਾਲੋਂ ਵੱਧ ਹੈ। ਰਿਜ਼ਰਵ ਬੈਂਕ ਨੇ ਇਸ ਵਿੱਤੀ ਸਾਲ ਦੌਰਾਨ ਨੀਤੀ ਦਰਾਂ ਵਿੱਚ 1.25 ਫੀਸਦੀ ਦੀ ਕਟੌਤੀ ਕੀਤੀ ਹੈ।