ਮਾਰਚ ਤਿਮਾਹੀ ਦੌਰਾਨ 8 ਵੱਡੇ ਸ਼ਹਿਰਾਂ ’ਚ ਕਿਫਾਇਤੀ ਘਰਾਂ ਦੀ ਵਿਕਰੀ 4 ਫੀ ਸਦੀ ਘਟੀ

ਏਜੰਸੀ

ਖ਼ਬਰਾਂ, ਵਪਾਰ

ਸਸਤੇ ਘਰਾਂ ਦੀ ਘੱਟ ਸਪਲਾਈ ਅਤੇ ਲਗਜ਼ਰੀ ਅਪਾਰਟਮੈਂਟਾਂ ਦੀ ਉੱਚ ਮੰਗ ਰਿਹਾ ਕਾਰਨ 

Property Market.

ਨਵੀਂ ਦਿੱਲੀ: ਦੇਸ਼ ਦੇ 8 ਵੱਡੇ ਸ਼ਹਿਰਾਂ ’ਚ ਜਨਵਰੀ-ਮਾਰਚ ਤਿਮਾਹੀ ’ਚ 60 ਲੱਖ ਰੁਪਏ ਤਕ ਦੇ ਕਿਫਾਇਤੀ ਘਰਾਂ ਦੀ ਵਿਕਰੀ 4 ਫੀ ਸਦੀ ਘੱਟ ਕੇ 61,121 ਇਕਾਈ ਰਹਿ ਗਈ। ਰੀਅਲ ਅਸਟੇਟ ਡਾਟਾ ਵਿਸ਼ਲੇਸ਼ਣ ਫਰਮ ਪ੍ਰੋਪਇਕੁਇਟੀ ਦੇ ਅਨੁਸਾਰ, ਇਹ ਘੱਟ ਸਪਲਾਈ ਅਤੇ ਲਗਜ਼ਰੀ ਅਪਾਰਟਮੈਂਟਾਂ ਦੀ ਉੱਚ ਮੰਗ ਦੇ ਕਾਰਨ ਹੈ। 

ਇਹ ਅੱਠ ਪ੍ਰਮੁੱਖ ਸ਼ਹਿਰ ਕੌਮੀ ਰਾਜਧਾਨੀ ਖੇਤਰ- ਦਿੱਲੀ, ਮੁੰਬਈ ਮੈਟਰੋਪੋਲੀਟਨ ਰੀਜਨ (ਐਮ.ਐਮ.ਆਰ.), ਬੈਂਗਲੁਰੂ, ਹੈਦਰਾਬਾਦ, ਚੇਨਈ, ਕੋਲਕਾਤਾ, ਪੁਣੇ ਅਤੇ ਅਹਿਮਦਾਬਾਦ ਹਨ। ਪ੍ਰੋਪਇਕੁਇਟੀ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਕੈਲੰਡਰ ਸਾਲ ਦੀ ਜਨਵਰੀ-ਮਾਰਚ ਮਿਆਦ ਵਿਚ 60 ਲੱਖ ਰੁਪਏ ਤਕ ਦੇ ਘਰਾਂ ਦੀ ਵਿਕਰੀ 63,787 ਇਕਾਈ ਰਹੀ ਸੀ। ਕਿਫਾਇਤੀ ਘਰਾਂ ਦੀ ਘੱਟ ਸਪਲਾਈ ਵਿਕਰੀ ’ਚ ਇਸ ਗਿਰਾਵਟ ਦਾ ਮੁੱਖ ਕਾਰਨ ਹੈ। 

ਅੰਕੜਿਆਂ ਮੁਤਾਬਕ ਜਨਵਰੀ-ਮਾਰਚ 2024 ਦੌਰਾਨ ਇਨ੍ਹਾਂ ਚੋਟੀ ਦੇ ਅੱਠ ਸ਼ਹਿਰਾਂ ’ਚ 60 ਲੱਖ ਰੁਪਏ ਤਕ ਦੇ ਨਵੇਂ ਘਰਾਂ ਦੀ ਸਪਲਾਈ ਘੱਟ ਕੇ 33,420 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 53,818 ਇਕਾਈ ਸੀ। 

ਪ੍ਰੀਮੀਅਮ ਰਿਹਾਇਸ਼ੀ ਜਾਇਦਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ, ਬਿਲਡਰ ਲਗਜ਼ਰੀ ਅਪਾਰਟਮੈਂਟ ਪੇਸ਼ ਕਰਨ ’ਤੇ ਵਧੇਰੇ ਧਿਆਨ ਕੇਂਦਰਤ ਕਰ ਰਹੇ ਹਨ। ਲਗਜ਼ਰੀ ਪ੍ਰਾਜੈਕਟਾਂ ’ਚ ਮੁਨਾਫਾ ਮਾਰਜਨ ਵੀ ਉੱਚਾ ਹੈ। ਅੰਕੜਿਆਂ ਮੁਤਾਬਕ ਇਸ ਕੀਮਤ ਸ਼੍ਰੇਣੀ ’ਚ ਮਕਾਨਾਂ ਦੀ ਵਿਕਰੀ 2023 ਕੈਲੰਡਰ ਸਾਲ ’ਚ ਘੱਟ ਕੇ 2,35,340 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ 2,51,198 ਇਕਾਈ ਸੀ। 

ਸਾਲ 2019 ’ਚ 60 ਲੱਖ ਰੁਪਏ ਤਕ ਦੇ ਘਰਾਂ ਦੀ ਵਿਕਰੀ 2,26,414 ਇਕਾਈ ਰਹੀ ਸੀ। ਸਾਲ 2020 ’ਚ ਕੋਵਿਡ ਮਹਾਮਾਰੀ ਦਰਮਿਆਨ ਇਸ ਕੀਮਤ ਸ਼੍ਰੇਣੀ ’ਚ ਵਿਕਰੀ ਘੱਟ ਕੇ 1,88,233 ਇਕਾਈ ਰਹਿ ਗਈ ਸੀ। ਹਾਲਾਂਕਿ, 2021 ਅਤੇ 2022 ’ਚ ਵਿਕਰੀ ’ਚ ਵਾਧਾ ਹੋਇਆ ਅਤੇ ਕ੍ਰਮਵਾਰ 2 17,274 ਇਕਾਈਆਂ ਅਤੇ 2 51,198 ਇਕਾਈਆਂ ਤਕ ਪਹੁੰਚ ਗਈ। ਪਿਛਲੇ ਸਾਲ ਦੇ ਮੁਕਾਬਲੇ 2023 ’ਚ ਵਿਕਰੀ ਫਿਰ ਘੱਟ ਕੇ 2,35,340 ਇਕਾਈ ਰਹਿ ਗਈ।