ਇਰਾਨ 'ਤੇ ਅਮਰੀਕੀ ਪਾਬੰਦੀ, ਭਾਰਤ ਨੇ ਕਿਹਾ ਤੇਲ ਦੀ ਸਪਲਾਈ ਸਮੱਸਿਆ ਨਹੀਂ ਪਰ ਕੀਮਤਾਂ ਵਧਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਰਾਨ ਤੇ ਅਗਲੇ ਮਹੀਨੇ ਲਾਗੂ ਹੋਣ ਵਾਲੀ ਅਮਰੀਕੀ ਪਾਬੰਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੇ ਕਿਹਾ ਹੈ ਕਿ ਤੇਲ ਦੀ ਉਪਲਬਧਤਾ ਕੋਈ ਵੱਡੀ ਸਮੱਸਿਆ ਨਹੀਂ ਹੈ।

Iran oil Refinery

ਨਵੀਂ ਦਿੱਲੀ, ( ਪੀਟੀਆਈ) : ਇਰਾਨ ਤੇ ਅਗਲੇ ਮਹੀਨੇ ਲਾਗੂ ਹੋਣ ਵਾਲੀ ਅਮਰੀਕੀ ਪਾਬੰਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੇ ਕਿਹਾ ਹੈ ਕਿ ਤੇਲ ਦੀ ਉਪਲਬਧਤਾ ਕੋਈ ਵੱਡੀ ਸਮੱਸਿਆ ਨਹੀਂ ਹੈ। ਸਗੋਂ ਇਕ ਵੱਡੇ ਸਪਲਾਇਰ ਨੂੰ ਗਵਾ ਦੇਣ ਦੇ ਡਰ ਕਾਰਨ ਬਾਲਣ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਭਵਿੱਖ ਵਿਚ ਵੀ ਇਸਦੇ  ਵਧਣ ਦਾ ਡਰ ਹੈ। ਵੱਡੇ ਤੇਲ ਸਪਲਾਇਰ ਤੇ ਪਾਬੰਦੀ ਦੇ ਕਾਰਨ ਬਜ਼ਾਰ ਦਾ ਸੈਂਟਮੇਂਟ ਵੀ ਖਰਾਬ ਹੋਇਆ ਹੈ। ਇਰਾਨ ਤੋਂ ਤੇਲ ਖਰੀਦਣ ਦੇ ਲਈ ਅਮਰੀਕੀ ਪਾਬੰਦੀ ਵਿਚ ਛੋਟ ਮੰਗਣ ਦੇ ਸਵਾਲ ਨੂੰ ਟਾਲਦਿਆਂ ਹੋਇਆਂ

ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਉਹ ਇਸ ਸਬੰਧੀ ਦੇਸ਼ ਦਾ ਸੁਝਾਅ ਰੱਖ ਚੁੱਕੇ ਹਨ ਅਤੇ ਉਨਾਂ ਨੂੰ ਇਸ ਤੇ ਕੁਝ ਹੋਰ ਨਹੀਂ ਕਹਿਣਾ ਹੈ। ਪਿਛਲੇ ਹਫਤੇ ਪ੍ਰਧਾਨ ਨੇ ਕਿਹਾ ਸੀ ਕਿ ਦੋ ਸਰਕਾਰੀ ਰਿਫਾਇਨਰੀਆਂ ਨੇ ਇਰਾਨ ਤੋਂ ਨਵੰਬਰ ਲਈ 1.25 ਮਿਲਿਅਨ ਟਨ ਤੇਲ ਇੰਪੋਰਟ ਬੁਕ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ ਵਿਚ ਈਰਾਨ ਦੇ ਨਾਲ 2015 ਵਿਚ ਹੋਏ ਪਰਮਾਣੂ ਸਮਝੋਤੇ ਤੋਂ ਹੱਥ ਪਿੱਛੇ ਖਿੱਚ ਲਏ ਸਨ। ਇਰਾਨ ਤੇ ਕੁਝ ਪਾਬੰਦੀਆਂ 6 ਅਗਸਤ ਨੂੰ ਲਾਗੂ ਹੋ ਗਈਆਂ ਸਨ।

ਤੇਲ ਅਤੇ ਬੈਕਿੰਗ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪਾਬੰਦੀਆਂ 4 ਨਵੰਬਰ ਤੋਂ ਲਾਗੂ ਹੋਣਗੀਆਂ। ਇਨਾਂ ਪਾਬੰਦੀਆਂ ਦੇ ਲਾਗੂ ਹੋਣ ਤੋਂ ਬਾਅਦ ਇਰਾਨ ਤੋਂ ਤੇਲ ਖਰੀਦਣ ਲਈ ਡਾਲਰ ਵਿਚ ਭੁਗਤਾਨ ਕਰਨਾ ਮੁਸ਼ਕਲ ਹੋ ਜਾਵੇਗਾ। ਪ੍ਰਧਾਨ ਨੇ ਇੰਡੀਆ ਅਨਰਜੀ ਫੋਰਮ ਵਿਚ ਮੀਡੀਆ ਕਰਮਚਾਰੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਕੱਚੇ ਤੇਲ ਦੀ ਉਪਲਬਧਤਾ ਕੋਈ ਮੁੱਦਾ ਨਹੀਂ ਹੈ। ਪਰ ਦੁਨੀਆ ਦੇ ਵੱਖ-ਵੱਖ ਹਿੱਸੇ ਵਿਚ ਭੂ-ਰਾਜਨੀਤਿਕ ਅਨਿਸ਼ਚਿਤੱਤਾ ਕਾਰਨ ਮਾਮਲਾ ਸੈਂਟਮੇਂਟ ਦਾ ਬਣ ਗਿਆ ਹੈ।

ਇਹੀ ਮੁਢੱਲੀ ਚੁਣੌਤੀ ਹੈ। ਬਜ਼ਾਰ ਵਿਚ ਅਜੇ ਸੈਂਟਮਟ ਇਹ ਹੈ ਕਿ ਇਕ ਵੱਡੇ ਤੇਲ ਉਤਪਾਦਕ ਦੇਸ਼ ਤੋਂ ਸਪਲਾਈ ਨਹੀਂ ਹੋਵੇਗੀ। ਇਸਦੇ ਕਾਰਣ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਹੋ ਰਹੀ ਹੈ ਅਤੇ ਬਜ਼ਾਰ ਵਿਚ ਅਸਥਿਰਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਕੱਚੇ ਤੇਲ ਦੀਆਂ ਕੀਮਤਾ 86.74 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ ਜੋ ਕਿ 4 ਸਾਲਾਂ ਵਿਚ ਸੱਭ ਤੋਂ ਵੱਧ ਸਨ। ਪ੍ਰਧਾਨ ਨੇ ਕਿਹਾ ਕਿ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਤੇ ਇਹ ਜਿਮ੍ਹੇਵਾਰੀ ਹੈ ਕਿ ਉਹ ਬਜ਼ਾਰ ਵਿਚ ਸਥਿਰਤਾ ਬਣਾਏ ਰੱਖੇ।

ਇਸ ਨਾਲ ਤੇਲ ਆਯਾਤਕ ਅਤੇ ਨਿਰਯਾਤਕ ਦੋਹਾਂ ਨੂੰ ਲਾਭ ਹੋਵੇਗਾ। ਪ੍ਰਧਾਨ ਨੇ ਕਿਹਾ ਕਿ ਬੀਤੇ ਜੂਨ ਵਿਚ ਓਪੇਕ ਨੇ ਰੋਜ਼ਾਨਾ 10 ਲੱਖ ਬੈਰਲ ਉਤਪਾਦਨ ਵਧਾਉਣ ਦਾ ਫੈਸਲਾ ਲਿਆ ਸੀ। ਇਸ ਤੋਂ ਇਲਾਵਾ ਰੂਸ ਅਤੇ ਸਊਦੀ ਅਰਬ ਨੇ ਵੀ ਤੇਲ ਦਾ ਉਤਪਾਦਨ ਵਧਾ ਦਿਤਾ ਸੀ। ਉਨਾਂ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਓਪੇਕ ਦੇ ਕੁਝ ਦੇਸ਼ ਅਜੇ ਵੀ ਅਪਣੇ ਟੀਚੇ ਤੋਂ ਪਿਛੇ ਹਨ। ਭਾਰਤ ਨੇ 2018-19 ਵਿਚ ਇਰਾਨ ਤੋਂ 25 ਮਿਲਿਅਨ ਟਨ ਕਚੇ ਤੇਲ ਦਾ ਕਰਾਰ ਕੀਤਾ ਸੀ।

ਇਹ ਪਿਛਲੇ ਸਾਲ ਦੇ 22.6 ਮਿਲਿਅਨ ਟਨ ਦੀ ਤੁਲਨਾ ਵਿਚ ਕਿਤੇ ਵੱਧ ਸੀ। ਹੁਣ ਅਗਲੇ ਮਹੀਨੇ ਇਰਾਨ ਤੇ ਪਾਬੰਦੀ ਲਗਣ ਨਾਲ ਹਾਲਾਤ ਬਦਲ ਜਾਣਗੇ। ਭਾਰਤ ਦੁਨੀਆ ਦਾ ਤੀਜ਼ਾ ਸਭ ਤੋਂ ਵੱਡਾ ਤੇਲ ਖਪਤ ਕਰਨ ਵਾਲਾ ਦੇਸ਼ ਹੈ। ਭਾਰਤ ਅਪਣੀਆਂ ਜਰੂਰਤਾਂ ਦਾ 80 ਫੀਸਦੀ ਆਯਾਤ ਕਰਦਾ ਹੈ। ਈਰਾਕ ਅਤੇ ਸਊਦੀ ਅਰਬ ਤੋਂ ਬਾਅਦ ਇਰਾਨ ਭਾਰਤ ਨੂੰ ਤੇਲ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਇਰਾਨ ਭਾਰਤ ਦੀਆਂ ਤੇਲ ਦੀਆਂ ਲੋੜਾਂ ਦਾ 10 ਫੀਸਦੀ ਹਿੱਸਾ ਪੂਰਾ ਕਰਦਾ ਹੈ।