ਸੋਨਾ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨੇ ’ਚ 1,300 ਰੁਪਏ ਦੀ ਤੇਜ਼ੀ, ਨਵੇਂ ਰੀਕਾਰਡ ’ਤੇ ਪੁੱਜੀ ਕੀਮਤ

Gold and silver have become expensive, know the new rates of your city

ਨਵੀਂ ਦਿੱਲੀ : ਅਮਰੀਕੀ ਟੈਰਿਫ ਨੂੰ ਲੈ ਕੇ ਅਨਿਸ਼ਚਿਤਤਾ, ਵਪਾਰਕ ਤਣਾਅ ਅਤੇ ਫੈਡਰਲ ਰਿਜ਼ਰਵ ਵਲੋਂ  ਮੁਦਰਾ ਨੀਤੀ ’ਚ ਢਿੱਲ ਦਿਤੇ ਜਾਣ ਦੀਆਂ ਵਧਦੀਆਂ ਉਮੀਦਾਂ ਦਰਮਿਆਨ ਆਲਮੀ ਬਾਜ਼ਾਰਾਂ ’ਚ ਮਜ਼ਬੂਤ ਰੁਝਾਨ ਵਿਚਕਾਰ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਆਈ। ਸੋਨੇ ਦੀ ਕੀਮਤ 1,300 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਨਾਲ ਨਵੇਂ ਰੀਕਾਰਡ  ਪੱਧਰ ’ਤੇ  ਪਹੁੰਚ ਗਈ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫੀ ਸਦੀ  ਸ਼ੁੱਧਤਾ ਵਾਲੇ ਸੋਨੇ ’ਚ ਲਗਾਤਾਰ ਚੌਥੇ ਦਿਨ ਤੇਜ਼ੀ ਦਰਜ ਕੀਤੀ ਗਈ। ਅੱਜ ਸੋਨੇ ਦੀ ਕੀਮਤ 1,300 ਰੁਪਏ ਦੀ ਤੇਜ਼ੀ ਨਾਲ 90,750 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ ’ਤੇ  ਪਹੁੰਚ ਗਈ। ਵੀਰਵਾਰ ਨੂੰ ਸੋਨਾ 89,450 ਰੁਪਏ ਪ੍ਰਤੀ 10 ਗ੍ਰਾਮ ’ਤੇ  ਬੰਦ ਹੋਇਆ ਸੀ।

99.5 ਫੀ ਸਦੀ  ਸ਼ੁੱਧਤਾ ਵਾਲਾ ਸੋਨਾ 1,300 ਰੁਪਏ ਦੀ ਤੇਜ਼ੀ ਨਾਲ 90,350 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ  ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਕੇਂਦਰੀ ਬੈਂਕਾਂ ਦੀ ਖਰੀਦਦਾਰੀ ਅਤੇ ਗਲੋਬਲ ਆਰਥਕ  ਅਸਥਿਰਤਾ ਸਮੇਤ ਕੀਮਤੀ ਧਾਤਾਂ ਦੀ ਰੀਕਾਰਡ  ਤੋੜ ਤੇਜ਼ੀ ਵਿਚ ਕਈ ਕਾਰਕਾਂ ਨੇ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰ ਅਤੇ ਆਰਥਕ  ਨੀਤੀਆਂ ਕਾਰਨ ਸੁਰੱਖਿਅਤ ਪਨਾਹਗਾਹ ਸੰਪਤੀਆਂ ਦੀ ਮੰਗ ਵਧੀ ਹੈ।

ਇਸ ਸਾਲ ਹੁਣ ਤਕ  ਸੋਨੇ ਦੀ ਕੀਮਤ 11,360 ਰੁਪਏ ਯਾਨੀ 14.31 ਫੀ ਸਦੀ  ਵਧ ਕੇ 90,750 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜੋ ਇਕ ਜਨਵਰੀ ਨੂੰ 79,390 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ਵੀ 1,300 ਰੁਪਏ ਦੀ ਤੇਜ਼ੀ ਨਾਲ 1,02,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਉੱਚ ਪੱਧਰ ’ਤੇ  ਪਹੁੰਚ ਗਈ। ਵੀਰਵਾਰ ਨੂੰ ਚਾਂਦੀ 1,01,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ  ਬੰਦ ਹੋਈ ਸੀ।