ਨੇਪਾਲ ’ਚ ਵੀ ਲੱਗੀ Everest ਅਤੇ MDH ਬ੍ਰਾਂਡ ਦੇ ਮਸਾਲਿਆਂ ’ਤੇ ਪਾਬੰਦੀ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਮਸਾਲਿਆਂ ਵਿਚ ਹਾਨੀਕਾਰਕ ਰਸਾਇਣਾਂ ਦੇ ਨਿਸ਼ਾਨ ਮਿਲਣ ਤੋਂ ਬਾਅਦ ਇਕ ਹਫਤਾ ਪਹਿਲਾਂ ਹੀ ਪਾਬੰਦੀ ਲਗਾਈ ਗਈ ਸੀ

Representative Image.

ਨਵੀਂ ਦਿੱਲੀ: ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਨੇਪਾਲ ਨੇ ਵੀ ਭਾਰਤ ਤੋਂ ਦੋ ਸਪਾਈਸ ਬ੍ਰਾਂਡ Everest ਅਤੇ MDH ਦੀ ਵਿਕਰੀ, ਖਪਤ ਅਤੇ ਆਯਾਤ ’ਤੇ ਪਾਬੰਦੀ ਲਗਾ ਦਿਤੀ ਹੈ। ਨੇਪਾਲ ਦੇ ਫੂਡ ਟੈਕਨਾਲੋਜੀ ਐਂਡ ਕੁਆਲਿਟੀ ਕੰਟਰੋਲ ਵਿਭਾਗ ਦੇ ਬੁਲਾਰੇ ਮੋਹਨ ਕ੍ਰਿਸ਼ਨ ਮਹਾਰਾਜਨ ਨੇ ਕਿਹਾ ਕਿ ਨੇਪਾਲ ’ਚ ਆਯਾਤ ਕੀਤੇ ਜਾ ਰਹੇ Everest ਅਤੇ MDH ਬ੍ਰਾਂਡ ਦੇ ਮਸਾਲਿਆਂ ਦੇ ਆਯਾਤ ’ਤੇ ਪਾਬੰਦੀ ਲਗਾ ਦਿਤੀ ਗਈ ਹੈ। 

ਉਨ੍ਹਾਂ ਕਿਹਾ, ‘‘ਮਸਾਲਿਆਂ ਵਿਚ ਹਾਨੀਕਾਰਕ ਰਸਾਇਣਾਂ ਦੇ ਨਿਸ਼ਾਨ ਮਿਲਣ ਤੋਂ ਬਾਅਦ ਇਕ ਹਫਤਾ ਪਹਿਲਾਂ ਆਯਾਤ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਅਸੀਂ ਬਾਜ਼ਾਰ ਵਿਚ ਵੀ ਇਸ ਦੀ ਵਿਕਰੀ ’ਤੇ ਪਾਬੰਦੀ ਲਗਾ ਦਿਤੀ ਹੈ। ਮਸਾਲਿਆਂ ਦੇ ਇਹ ਦੋਵੇਂ ਬ੍ਰਾਂਡ ਰਸਾਇਣਾਂ ਲਈ ਜਾਂਚ ਅਧੀਨ ਹਨ। ਅੰਤਿਮ ਰੀਪੋਰਟ ਆਉਣ ਤਕ ਪਾਬੰਦੀ ਲਾਗੂ ਰਹੇਗੀ।’’

ਇਸ ਤੋਂ ਪਹਿਲਾਂ ਅਪ੍ਰੈਲ ਵਿਚ ਸਿੰਗਾਪੁਰ ਅਤੇ ਹਾਂਗਕਾਂਗ ਨੇ Everest ਅਤੇ MDH ਦੋਹਾਂ ਕੰਪਨੀਆਂ ਦੇ ਕੁੱਝ ਉਤਪਾਦਾਂ ’ਤੇ ਪਾਬੰਦੀ ਲਗਾ ਦਿਤੀ ਸੀ ਕਿਉਂਕਿ ਉਨ੍ਹਾਂ ਵਿਚ ਕੀਟਨਾਸ਼ਕ ਈਥੀਲੀਨ ਆਕਸਾਈਡ ਦੀ ਉੱਚ ਮਾਤਰਾ ਸੀ। ਇਨ੍ਹਾਂ ਉਤਪਾਦਾਂ ’ਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਦਾ ਖਤਰਾ ਰਹਿੰਦਾ ਹੈ। 

ਹਾਂਗਕਾਂਗ ਦੇ ਫੂਡ ਸੇਫਟੀ ਵਿਭਾਗ ਨੇ ਕਿਹਾ ਸੀ ਕਿ MDH ਗਰੁੱਪ ਦੇ ਤਿੰਨ ਮਸਾਲੇ ਮਿਸ਼ਰਣ ਮਦਰਾਸ ਕੜ੍ਹੀ ਪਾਊਡਰ, ਸਾਂਭਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ ਵਿਚ ਈਥੀਲੀਨ ਆਕਸਾਈਡ ਦਾ ਉੱਚ ਪੱਧਰ ਪਾਇਆ ਗਿਆ ਹੈ। ਇਹ ਕਾਰਸਿਨੋਜੈਨਿਕ ਕੀਟਨਾਸ਼ਕ ਐਵਰੈਸਟ ਦੇ ਮੱਛੀ ਕਰੀ ਮਸਾਲੇ ’ਚ ਵੀ ਪਾਇਆ ਗਿਆ ਹੈ। 

ਭਾਰਤੀ ਮਸਾਲਿਆਂ ਨੂੰ ਰੱਦ ਕਰਨ ਦੀ ਦਰ ਬਹੁਤ ਘੱਟ: ਵਣਜ ਮੰਤਰਾਲਾ 

ਵਣਜ ਮੰਤਰਾਲੇ ਨੇ 15 ਮਈ ਨੂੰ ਕਿਹਾ ਸੀ ਕਿ ਭਾਰਤੀ ਮਸਾਲਿਆਂ ਨੂੰ ਰੱਦ ਕਰਨ ਦੀ ਦਰ ਬਹੁਤ ਘੱਟ ਹੈ। ਉਸੇ ਸਮੇਂ, ਨਿਰਯਾਤ ਨਮੂਨਿਆਂ ਦੀ ਅਸਫਲਤਾ ਵੀ ਘੱਟ ਹੈ. ਉਨ੍ਹਾਂ ਕਿਹਾ ਕਿ ਰੱਦ ਕਰਨ ਦੀ ਦਰ ਸਾਡੇ ਵਲੋਂ ਪ੍ਰਮੁੱਖ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣ ਵਾਲੇ ਮਸਾਲਿਆਂ ਦੀ ਕੁਲ ਮਾਤਰਾ ਦੇ 1 ਫੀ ਸਦੀ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਰੀਕਾਲ ਅਤੇ ਅਮਨਜ਼ੂਰ ਦੇ ਅੰਕੜਿਆਂ ਦੀ ਨਿਗਰਾਨੀ ਕਰਦਾ ਹੈ। 

ਮੀਡੀਆ ਰੀਪੋਰਟ ਮੁਤਾਬਕ ਵਣਜ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਸੀ ਕਿ ਵਿੱਤੀ ਸਾਲ 2024 ’ਚ ਭਾਰਤ ਨੇ ਲਗਭਗ 1.415 ਕਰੋੜ ਟਨ ਮਸਾਲੇ ਦਾ ਨਿਰਯਾਤ ਕੀਤਾ ਸੀ, ਜਿਸ ’ਚੋਂ ਸਿਰਫ 200 ਕਿਲੋਗ੍ਰਾਮ ਮੁੱਲ ਦੇ ਮਸਾਲੇ ਵਾਪਸ ਮੰਗਵਾਏ ਗਏ ਸਨ। 

ਵਣਜ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਭਾਰਤੀ ਨਿਰਯਾਤ ਲਈ ਨਮੂਨੇ ਫੇਲ੍ਹ ਹੋਣ ਦੀ ਦਰ 0.1٪ ਤੋਂ 0.2٪ ਰਹੀ, ਜਦਕਿ ਦੂਜੇ ਦੇਸ਼ਾਂ ਦੇ ਮਸਾਲਿਆਂ ਲਈ ਨਮੂਨੇ ਫੇਲ੍ਹ ਹੋਣ ਦੀ ਦਰ 0.73٪ ਹੈ। ਉਨ੍ਹਾਂ ਕਿਹਾ ਸੀ ਕਿ ਨਮੂਨੇ ਨੂੰ ਪ੍ਰਭਾਵਤ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਭਾਰਤ ਵੀ ਕਈ ਵਾਰ ਕਈ ਦੇਸ਼ਾਂ ਦੇ ਨਮੂਨਿਆਂ ਨੂੰ ਰੱਦ ਕਰਦਾ ਹੈ।